ਸ਼ਿਮਲਾ, 29 ਅਗਸਤ (ਇੰਟ.)-ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ 'ਚ ਜ਼ਮੀਨ ਖਿਸਕਣ ਕਾਰਨ ਮਣੀਮਹੇਸ਼ ਦੀ ਯਾਤਰਾ 'ਤੇ ਜਾ ਰਹੇ 11 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ | ਮਿ੍ਤਕਾਂ 'ਚ ਪੰਜਾਬ ਦੇ 3, ਉੱਤਰ ਪ੍ਰਦੇਸ਼ ਦਾ 1 ਤੇ ਚੰਬਾ ਦੇ 5 ਸ਼ਰਧਾਲੂ ਸ਼ਾਮਿਲ ਹਨ ਜਦਕਿ 2 ਦੀ ਅਜੇ ਪਛਾਣ ਨਹੀਂ ਹੋ ਸਕੀ ਹੈ | ਇਸ ਸਬੰਧੀ ਇਕ ਅਧਿਕਾਰੀ ਨੇ ਕਿਹਾ ਕਿ ਮੌਤਾਂ ਢਿਗਾਂ ਡਿੱਗਣ ਤੇ ਆਕਸੀਜਨ ਦੀ ਘਾਟ ਕਾਰਨ ਹੋਈਆਂ ਹਨ | ਬਚਾਅ ਕਾਰਜ ਜਾਰੀ ਰਹਿਣ ਕਾਰਨ ਲਗਭਗ 3000 ਸ਼ਰਧਾਲੂ ਫਸੇ ਹੋਏ ਹਨ | ਪਿਛਲੇ ਹਫ਼ਤੇ ਵੀ ਮਣੀਮਹੇਸ਼ ਯਾਤਰਾ ਦੌਰਾਨ ਜ਼ਮੀਨ ਖਿਸਕਣ ਨਾਲ 7 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਤੇ ਨੌਂ ਲਾਪਤਾ ਹੋ ਗਏ ਸਨ | ਉਧਰ ਪਿਛਲੇ ਦੋ ਦਿਨਾਂ ਤੋਂ ਸ਼ਿਮਲਾ 'ਚ ਲਗਾਤਾਰ ਭਾਰੀ ਮੀਂਹ ਦੇ ਮੱਦੇਨਜ਼ਰ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ | ਮੌਸਮ ਵਿਭਾਗ ਨੇ ਆਉਣ ਵਾਲੇ 24 ਘੰਟਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ |