ਆਸ਼ਾ ਵਰਕਰਾਂ ਵਲੋਂ ਅੱਜ ਦੀ ਸੰਗਰੂਰ ਰੈਲੀ ਮੁਲਤਵੀ
ਅਜੀਤ ਡੈਸਕ
31-08-2025
ਹੁਸ਼ਿਆਰਪੁਰ, 31 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਆਸ਼ਾ ਵਰਕਰਜ਼ ਫੈਸਿਲੀਟੇਟਰ ਸਾਂਝਾ ਮੋਰਚਾ ਦੇ ਕਨਵੀਨਰ ਰਾਣੋ ਖੇੜੀ ਗਿੱਲਾਂ, ਸੁਖਵਿੰਦਰ ਕੌਰ ਸੁੱਖੀ, ਅਮਰਜੀਤ ਕੌਰ ਰਣ ਸਿੰਘ ਵਾਲਾ, ਹਰਿੰਦਰ ਕੌਰ, ਸੰਤੋਸ਼ ਕੁਮਾਰੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਅਤੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਉਲੀਕੇ ਗਏ ਸੰਘਰਸ਼ ਦੇ ਤਹਿਤ 25 ਤੋਂ ਸਾਰੇ ਪੰਜਾਬ ਅੰਦਰ ਕੰਮ ਦਾ ਬਾਈਕਾਟ ਕਰਕੇ ਸਫਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ 31 ਅਗਸਤ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕਰਨ ਅਤੇ 1 ਸਤੰਬਰ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ | ਆਗੂਆਂ ਨੇ ਕਿਹਾ ਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵਲੋਂ ਕੀਤੇ ਗਏ ਰੋਹ ਭਰਪੂਰ ਐਕਸ਼ਨਾਂ ਸਦਕਾ ਡਿਪਟੀ ਕਮਿਸ਼ਨਰ ਸੰਗਰੂਰ ਨੇ ਪੱਤਰ ਰਾਹੀਂ 8 ਸਤੰਬਰ ਨੂੰ 10:30 ਵਜੇ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਕਰਕੇ ਸਾਂਝੇ ਮੋਰਚੇ ਨੂੰ ਸੂਚਿਤ ਕੀਤਾ ਹੈ, ਜਿਸ ਤੋਂ ਬਾਅਦ ਸਾਂਝੇ ਫ਼ਰੰਟ ਵਲੋਂ ਸੰਗਰੂਰ ਵਿਖੇ 31 ਅਗਸਤ ਨੂੰ ਕੀਤੀ ਜਾਣ ਵਾਲੀ ਸੂਬਾਈ ਰੈਲੀ ਨੂੰ ਹਾਲ ਦੀ ਘੜੀ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ |