ਭੰਗਾਲਾ, 30 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਪੈ ਰਹੇ ਮੀਂਹ ਦੇ ਚੱਲਦਿਆਂ ਦਰਿਆ ਬਿਆਸ 'ਚ ਆਏ ਹੜ੍ਹ ਕਾਰਨ ਦਰਿਆ ਨੇੜੇ ਲੱਗਦੇ ਪਿੰਡ ਮਹਿਤਾਬਪੁਰ ਇਸ ਸਮੇਂ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਹਨ ਅਤੇ ਹੜ੍ਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੀ ਵੜ ਚੁੱਕਾ ਹੈ ਜਿਸ ਕਾਰਨ ਜਿੱਥੇ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ | ਇਨ੍ਹਾਂ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਖੜੀ ਝੋਨਾ ਕਮਾਦ ਅਤੇ ਹਰੇ ਚਾਰੇ ਦੀਆਂ ਫ਼ਸਲਾਂ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਜਾਣ ਕਾਰਨ ਬਰਬਾਦ ਹੋ ਗਈਆਂ ਹਨ | ਪਿੰਡ ਮਹਿਤਾਬਪੁਰ ਤੋਂ 2 ਕਿੱਲੋਮੀਟਰ ਦੂਰ ਪੈਂਦੇ ਧੁੱਸੀ ਬੰਨ੍ਹ ਟੁੱਟ ਚੁੱਕਾ ਹੈ ਜਿਸ ਕਾਰਨ ਪਾਣੀ ਨਾਲ ਲੱਗਦੇ ਪਿੰਡਾਂ ਦੇ ਘਰਾਂ ਵਿਚ ਵੜ ਗਿਆ ਹੈ | ਇਸ ਮੌਕੇ ਸਰਪੰਚ ਮਨਜਿੰਦਰ ਸਿੰਘ ਮਹਿਤਾਬਪੁਰ ਨੇ ਕਿਹਾ ਕਿ ਬਿਆਸ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਵਿਚ ਲਗਭਗ ਕਿਸਾਨ ਖੇਤੀ ਅਤੇ ਦਿਹਾੜੀ 'ਤੇ ਨਿਰਭਰ ਹਨ, ਜਿਨ੍ਹਾਂ ਦਾ ਗੁਜ਼ਾਰਾ ਖੇਤੀ ਦੇ ਨਾਲ ਹੁੰਦਾ ਹੈ ਪਰ ਤਕਰੀਬਨ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਮਾਰ ਹੇਠਾਂ ਆਉਣ ਕਾਰਨ ਇੱਥੋਂ ਦੇ ਕਿਸਾਨ ਨਿਥਲ ਹੋ ਕੇ ਬਹਿ ਚੁੱਕੇ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਪਿੰਡ ਮਹਿਤਾਬਪੁਰ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਕੋਈ ਨੁਕਸਾਨ ਹੋ ਸਕੇ |