ਮੁੱਲਾਂਪੁਰ-ਦਾਖਾ, 29 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੰਜਾਬ 'ਚ ਭਾਰੀ ਮੀਂਹ ਦੀ ਮਾਰ ਹੇਠ ਹੜ੍ਹਾਂ 'ਚ ਘਿਰੇ ਲੋਕਾਂ ਦੀ ਮੱਦਦ ਲਈ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ) ਪੰਜਾਬ ਚੈਪਟਰ ਦੀਆਂ ਕਿਸਾਨ ਜਥੇਬੰਦੀਆਂ ਦੀ ਪ੍ਰਵਾਨਗੀ ਨਾਲ ਐੱਸ.ਕੇ.ਐੱਮ ਦੇ ਪ੍ਰਮੁੱਖ ਆਗੂ ਬਲਜੀਤ ਸਿੰਘ ਗਰੇਵਾਲ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਸ਼ਾਦੀਪੁਰ ਨੇ ਮੀਟਿੰਗ ਕਰਕੇ ਐਲਾਨ ਕੀਤਾ ਕਿ 1 ਸਤੰਬਰ ਸੋਮਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਵਿਚ ਹੜ੍ਹ ਨਾਲ ਪੰਜਾਬ ਦੇ ਬਦ ਤੋਂ ਬਦਤਰ ਬਣੇ ਹਾਲਾਤਾਂ ਵਿਚ ਪੀੜ੍ਹਤਾਂ ਨੂੰ ਰਾਹਤ ਲਈ ਕੋਈ ਯੋਜਨਾ ਉਲੀਕੀ ਜਾਵੇਗੀ | ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਦਰਜਨ ਜ਼ਿਲ੍ਹੇ ਭਾਰੀ ਹੜ੍ਹਾਂ ਦੀ ਲਪੇਟ ਵਿਚ ਹਨ, ਪਸ਼ੂ ਵਾੜੇ, ਘਰਾਂ ਤੋਂ ਇਲਾਵਾ ਡੇਢ ਦੋ ਲੱਖ ਏਕੜ ਫ਼ਸਲ ਬਰਬਾਦ ਹੋਣ ਦਾ ਅਨੁਮਾਨ ਹੈ | ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਨਾਲ ਬੇਘਰ ਹੋਏ ਲੋਕਾਂ ਦੀ ਮਾਲੀ ਮੱਦਦ ਲਈ ਫਾਸਟ ਟਰੈਕ ਗਿਰਦਾਵਰੀਆਂ ਕਰਵਾ ਕੇ ਪ੍ਰਤੀ ਏਕੜ 70 ਹਜ਼ਾਰ ਅਤੇ ਖੇਤ ਮਜ਼ਦੂਰ ਲਈ 10 ਹਜ਼ਾਰ, ਮਰੇ ਪਸ਼ੂ ਦਾ ਨੁਕਸਾਨ 50 ਹਜ਼ਾਰ ਅਤੇ ਢਹਿ ਢੇਰੀ ਹੋ ਗਏ ਘਰਾਂ ਦੇ ਮੁੜ ਨਿਰਮਾਣ ਲਈ ਉਚਿਤ ਰਾਸ਼ੀ ਤੁਰੰਤ ਦਿੱਤੀ ਜਾਵੇ | ਐੱਸ.ਕੇ.ਐੱਮ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਵੀ ਕੀਤੀ ਕਿ ਹੜ੍ਹ ਪੀੜਤਾਂ ਲਈ ਤੁਰੰਤ ਮੁਆਵਜ਼ੇ ਵਿਚ ਦੇਰੀ ਹੋਈ ਤਾਂ ਐੱਸ.ਕੇ.ਐੱਮ. ਸਖ਼ਤ ਐਕਸ਼ਨ ਲਵੇਗਾ |