ਚੌਂਕੀਮਾਨ, 29 ਅਗਸਤ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੁੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਨਾਮਵਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਵਿਖੇ ਸੰਸਥਾ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਸਰੀਰਕ ਸਿੱਖਿਆ ਵਿਭਾਗ ਅਤੇ ਐੱਨ.ਐੱਸ.ਐੱਸ ਯੂਨਿਟ ਦੁਆਰਾ ਸਾਂਝੇ ਰੂਪ ਵਿਚ 'ਰਾਸ਼ਟਰੀ ਖੇਡ ਦਿਵਸ' ਆਯੋਜਿਤ ਕੀਤਾ ਗਿਆ | ਇਹ ਖੇਡ ਦਿਵਸ ਭਾਰਤ ਦੀ ਝੋਲੀ ਵਿਚ ਤਿੰਨ ਵਾਰ ਉਲੰਪਿਕ ਸੋਨ ਤਗਮਾ ਜੇਤੂ ਟੀਮ ਦੇ ਮੈਂਬਰ, ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਗਿਆ | ਇਹ ਸਮਾਗਮ ਸੰਸਥਾ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ | ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਆਗਿਆ ਹਿਤ ਖੇਡ ਗਤੀਵਿਧੀਆਂ ਸ਼ੁਰੂ ਕਰਨ ਨਾਲ ਹੋਈ | ਕਾਲਜ ਦੀਆਂ ਖਿਡਾਰਨਾਂ ਦੁਆਰਾ ਖੇਡਾਂ ਪ੍ਰਤੀ ਵਫ਼ਾਦਾਰੀ ਅਤੇ ਖੇਡ ਭਾਵਨਾ ਲਈ ਸਹੁੰ ਚੁੱਕੀ ਗਈ | ਖਿਡਾਰਨਾਂ ਨੇ ਯੋਗ ਦੇ ਭਿੰਨ-ਭਿੰਨ ਆਸਣਾਂ ਨਾਲ ਸਭ ਨੂੰ ਅਨੰਦਿਤ ਕੀਤਾ | ਇਸ ਮੌਕੇ ਖੇਡਾਂ ਨਾਲ ਸਬੰਧਿਤ ਵਿਭਿੰਨ ਦੌੜਾਂ ਜਿੰਨ੍ਹਾਂ ਵਿਚ 50 ਮੀਟਰ ਦੌੜ, ਰੀਲੇਅ, ਤਿੰਨ-ਟੰਗੀ ਦੌੜ, ਬੋਰੀ ਦੌੜ, ਰੱਸਾਕਸੀ ਆਦਿ ਕਰਵਾਈਆਂ ਗਈਆਂ | ਮਾਹੌਲ ਨੂੰ ਰੌਚਕ ਬਣਾਉਣ ਲਈ ਸਮੂਹ ਪ੍ਰੋਫ਼ੈਸਰ ਸਾਹਿਬਾਨਾਂ ਦੀ 'ਮਿਊਜ਼ੀਕਲ ਚੇਅਰ' ਖੇਡ ਕਰਵਾਈ ਗਈ | ਸਮਾਗਮ ਦੇ ਅੰਤ ਵਿਚ ਜੇਤੂ ਖਿਡਾਰਨਾਂ ਨੂੰ ਇਨਾਮ ਤਕਸੀਮ ਕੀਤੇ ਗਏ | ਸੰਸਥਾ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਮੁਖਾਤਿਬ ਹੁੰਦਿਆਂ ਸਮੂਹ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਹਰ ਸਾਲ 29 ਅਗਸਤ ਨੂੰ ਮਨਾਇਆ ਜਾਣ ਵਾਲਾ 'ਰਾਸ਼ਟਰੀ ਖੇਡ' ਦਿਵਸ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ 'ਹਾਕੀ ਦੇ ਜਾਦੂਗਰ' ਨੂੰ ਸਮਰਪਿਤ ਹੁੰਦਾ ਹੈ | ਇਹ ਦਿਨ ਭਾਰਤੀ ਖੇਡਾਂ ਵਿਚ ਉਨ੍ਹਾਂ ਵਲੋਂ ਪਾਏ ਅਥਾਹ ਯੋਗਦਾਨ ਦਾ ਸਨਮਾਨ ਕਰਦਾ ਹੈ | ਖੇਡਾਂ ਵਿਦਿਆਰਥੀਆਂ ਨੂੰ ਤੰਦਰੁਸਤੀ ਅਤੇ ਅਨੁਸ਼ਾਸ਼ਨ ਅਪਣਾਉਣ ਦੀ ਪ੍ਰੇਰਨਾ ਦਿੰਦੀਆਂ ਹਨ | ਸਾਨੂੰ ਖੇਡ ਖੇਤਰ ਵਿਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਵਿਦਿਆਰਥਣਾਂ ਨੂੰ ਖੇਡਾਂ ਵਿਚ ਭਾਗੀਦਾਰੀ ਅਤੇ ਪੁਜੀਸ਼ਨਾਂ ਹਾਸਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ | ਸਮਾਗਮ ਦੇ ਅੰਤ ਵਿਚ ਉਨ੍ਹਾਂ ਨੇ ਖੇਡ ਵਿਭਾਗ ਦੇ ਮੁਖੀ ਪ੍ਰੋ: ਰਮਨਦੀਪ ਕੌਰ ਅਤੇ ਖੇਡ ਕਮੇਟੀ ਵਲੋਂ ਉਲੀਕੇ ਸਮਾਗਮ ਦੀ ਸ਼ਲਾਘਾ ਕੀਤੀ | ਡਾ: ਮਨਪ੍ਰੀਤ ਕੌਰ ਅਤੇ ਪ੍ਰੋ: ਰਮਨਦੀਪ ਕੌਰ ਨੇ ਸੁਚੱਜੇ ਢੰਗ ਨਾਲ ਸਟੇਜ਼ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ | ਸਮਾਗਮ ਵਿਚ ਸਮੂਹ ਸਟਾਫ਼, ਐੱਨ.ਐੱਸ.ਐੱਸ ਵਲੰਟੀਅਰਜ਼ ਅਤੇ ਸਮੂਹ ਵਿਦਿਆਰਥਣਾਂ ਦੀ ਭਰਵੀਂ ਹਾਜ਼ਰੀ ਨਾਲ ਸਫ਼ਲਤਾਪੂਰਵਕ ਸੰਪੰਨ ਹੋਇਆ | ਅੰਤ ਵਿਚ ਸਮੂਹਿਕ ਰੂਪ ਵਿਚ ਰਾਸ਼ਟਰੀ ਗਾਣ ਉਚਾਰਨ ਕੀਤਾ ਗਿਆ |