ਅਮਲੋਹ, 29 ਅਗਸਤ (ਕੇਵਲ ਸਿੰਘ)-ਦਿੱਲੀ ਦੀ ਅਦਾਲਤ ਨੇ 'ਜਯੋਤੀ ਟੀ ਐਮ.ਟੀ. ਬਾਰਜ' ਮਾਮਲੇ ਵਿਚ ਵੱਡਾ ਫ਼ੈਸਲਾ ਦਿੱਤਾ ਹੈ | ਮਾਧਵ ਕੇਆਰਜੀ ਲਿਮਿਟਡ, ਜੋ ਜਯੋਤੀ ਟੀ.ਐਮ.ਟੀ. ਬਾਰਜ ਬਣਾਉਂਦੀ ਹੈ, ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਲੋਕ ਜੋਤਿਕ ਟੀ.ਐਮ.ਟੀ. ਅਤੇ ਸੀਟੀਡੀ ਬਾਰਜ ਨਾਂਅ ਹੇਠ ਮਿਲਦਾ-ਜੁਲਦਾ ਸਾਮਾਨ ਬਣਾ ਕੇ ਵੇਚ ਰਹੇ ਹਨ | ਕੰਪਨੀ ਦਾ ਕਹਿਣਾ ਸੀ ਕਿ ਇਹ ਨਾਂਅ ਉਨ੍ਹਾਂ ਦੇ ਟ੍ਰੇਡਮਾਰਕ ਨਾਲ ਬਹੁਤ ਮਿਲਦਾ ਹੈ ਤੇ ਇਸ ਨਾਲ ਗਾਹਕਾਂ ਨੂੰ ਭੁਲੇਖਾ ਪੈਂਦਾ ਹੈ | ਅਦਾਲਤ ਨੇ ਕੰਪਨੀ ਦੀ ਗੱਲ ਮੰਨਦਿਆਂ ਅਮਨਦੀਪ ਸਿੰਘ (ਗੁਰੂ ਕਿਰਪਾ ਇੰਡਸਟ੍ਰੀਜ਼), ਭਵਾਨੀ ਕਾਸਟਿੰਗ ਪ੍ਰਾਈਵੇਟ ਲਿਮਿਟਡ ਅਤੇ ਉਨ੍ਹਾਂ ਦੇ ਡੀਲਰਾਂ-ਡਿਸਟ੍ਰੀਬਿਊਟਰਾਂ ਨੂੰ 'ਜੋਤਿਕ ਟੀ.ਐਮ.ਟੀ. ਅਤੇ ਸੀਟੀਡੀ ਬਾਰਜ' ਦੇ ਨਾਂਅ ਹੇਠ ਸਾਮਾਨ ਬਣਾਉਣ ਤੇ ਵੇਚਣ ਤੋਂ ਰੋਕ ਲਾ ਦਿੱਤੀ ਹੈ | ਇਸੇ ਨਾਲ ਇਕ ਲੋਕਲ ਕਮਿਸ਼ਨਰ ਨੂੰ ਨਿਯੁਕਤ ਕਰਕੇ 26 ਅਗਸਤ ਨੂੰ ਛਾਪਾ ਮਾਰਿਆ ਗਿਆ ਜਿੱਥੋਂ ਜੋਤਿਕ ਨਾਂਅ ਵਾਲਾ ਵੱਡਾ ਸਟਾਕ ਬਰਾਮਦ ਹੋਇਆ ਤੇ ਉਸ ਨੰੂ ਸੀਲ ਕਰ ਦਿੱਤਾ ਗਿਆ | ਇਸ ਤੋਂ ਪਹਿਲਾਂ 7 ਅਗਸਤ ਨੂੰ ਦਿੱਲੀ ਹਾਈਕੋਰਟ ਨੇ ਵੀ ਜੋਤਿਕ ਟੀ.ਐਮ.ਟੀ. ਅਤੇ ਸੀਟੀਡੀ ਬਾਰਜ ਦੀ ਰਜਿਸਟ੍ਰੇਸ਼ਨ ਉੱਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਸੀ | ਹੁਣ ਡਿਸਟਿ੍ਕਟ ਜੱਜ ਦਾ ਇਹ ਆਦੇਸ਼ ਜਯੋਤੀ ਟੀ.ਐਮ.ਟੀ. ਬਾਰਜ ਕੰਪਨੀ ਲਈ ਵੱਡੀ ਜਿੱਤ ਮੰਨੀ ਜਾ ਰਹੀ ਹੈ |