ਫ਼ਤਹਿਗੜ੍ਹ ਸਾਹਿਬ, 29 ਅਗਸਤ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਕੀਤੀ ਜਾਣੀ ਹੈ, ਜਿਸ ਸਬੰਧੀ ਏ.ਐਫ਼.ਐਸ.ਓ. ਕੇਵਲ ਸਿੰਘ ਦੀ ਅਗਵਾਈ ਹੇਠ ਅਨਾਜ ਮੰਡੀ ਸਰਹਿੰਦ ਦੇ ਆੜ੍ਹਤੀਆਂ ਨਾਲ ਤਿਆਰੀਆਂ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ 'ਚ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਸਰਹਿੰਦ ਮੰਡੀ ਪ੍ਰਧਾਨ ਤਰਸੇਮ ਲਾਲ ਉੱਪਲ, ਚਨਾਰਥਲ ਮੰਡੀ ਦੇ ਪ੍ਰਧਾਨ ਠੇਕੇਦਾਰ ਅਵਤਾਰ ਸਿੰਘ ਚਨਾਰਥਲ, ਆੜ੍ਹਤੀ ਨਿਰਮਲ ਸਿੰਘ ਮਾਵੀ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ 'ਚ ਆੜ੍ਹਤੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਪ੍ਰਸ਼ਾਸਨਿਕ ਤੌਰ 'ਤੇ ਕੀਤੀ ਗਈ ਇਸ ਮੀਟਿੰਗ ਦੌਰਾਨ ਆੜ੍ਹਤੀਆਂ ਦੁਆਰਾ ਆਪਣੀਆਂ ਮੁਸ਼ਕਿਲਾਂ ਸਬੰਧੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਤੇ ਝੋਨੇ ਦੇ ਸੀਜ਼ਨ ਦੌਰਾਨ ਲਿਫ਼ਟਿੰਗ ਦੀ ਦਿੱਕਤ ਤੇ ਆੜ੍ਹਤੀਆਂ ਦਾ ਬਣਦਾ ਕਮਿਸ਼ਨ ਤੇ ਹੋਰ ਮਸਲਿਆਂ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ | ਆੜ੍ਹਤੀਆਂ ਨੇ ਕਿਹਾ ਕਿ ਭਾਵੇਂ ਕਿ ਸਰਕਾਰ ਵਲੋਂ ਆੜ੍ਹਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ, ਫਿਰ ਵੀ ਕਈ ਵਾਰ ਝੋਨੇ ਦੀ ਲਿਫ਼ਟਿੰਗ ਸੁਸਤ ਹੋਣ ਕਾਰਨ ਮੰਡੀਆਂ 'ਚ ਬੋਰੀਆਂ ਦੇ ਅੰਬਾਰ ਲੱਗ ਜਾਂਦੇ ਹਨ ਤੇ ਲਗਾਤਾਰ ਝੋਨੇ ਦੀ ਆਮਦ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮੌਕੇ ਏ.ਐਫ਼.ਐਸ.ਓ. ਕੇਵਲ ਸਿੰਘ ਨੇ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਝੋਨੇ ਦੀ ਲਿਫ਼ਟਿੰਗ ਸਮੇਂ ਸਿਰ ਕਰਵਾਈ ਜਾਵੇਗੀ ਤੇ ਸਾਰੀਆਂ ਏਜੰਸੀਆਂ ਦੇ ਇੰਸਪੈਕਟਰਾਂ ਵਲੋਂ ਵੀ ਆੜ੍ਹਤੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆੜ੍ਹਤੀ ਮੰਡੀਆਂ 'ਚ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਸਬੰਧੀ ਹੀ ਕਹਿਣ ਤਾਂ ਜੋ ਸੁੱਕੇ ਝੋਨੇ ਦੀ ਤੁਲਾਈ ਤੇ ਚੁਕਾਈ ਜਲਦੀ ਤੋਂ ਜਲਦੀ ਹੋ ਸਕੇ | ਇਸ ਮੌਕੇ ਆੜ੍ਹਤੀ ਤੇਜਿੰਦਰ ਸਿੰਘ, ਮਜੀਦ ਖ਼ਾਨ, ਜੋਗਿੰਦਰ ਸਿੰਘ ਮਾਂਗਟ, ਨਿਰੀਖਕ ਭਵਨਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਆੜ੍ਹਤੀ ਹਾਜ਼ਰ ਸਨ |