ਫ਼ਤਹਿਗੜ੍ਹ ਸਾਹਿਬ, 30 ਅਗਸਤ (ਬਲਜਿੰਦਰ ਸਿੰਘ)-ਭਾਜਪਾ ਮੰਡਲ ਚੁੰਨ੍ਹੀ ਕਲਾਂ ਦੀ ਇਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਮੋਹਨ ਸਿੰਘ ਚੁੰਨ੍ਹੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਭਾਜਪਾ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ 1984 ਦੇ ਦੰਗਾ ਪੀੜਤ 121 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੇ ਲਏ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ ਕਿਉਂਕਿ ਹਰਿਆਣਾ ਸਰਕਾਰ ਨੇ ਦੰਗਾ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇ ਕੇ ਉਨ੍ਹਾਂ ਦੇ ਜ਼ਖਮਾਂ 'ਤੇ ਮੱਲ੍ਹਮ ਪੱਟੀ ਲਾਉਣ ਦਾ ਕੰਮ ਕੀਤਾ ਹੈ | ਮੰਡਲ ਪ੍ਰਧਾਨ ਨੇ ਕਿਹਾ ਕਿ ਭਾਜਪਾ ਹੀ ਸਿੱਖਾਂ ਦੀ ਅਸਲ ਹਮਾਇਤੀ ਪਾਰਟੀ ਹੈ ਜਿਸ ਨੇ ਸਿੱਖ ਕਤਲੇਆਮ ਕਰਨ ਵਾਲਿਆਂ ਨੂੰ ਲਗਪਗ 41 ਸਾਲਾਂ ਬਾਅਦ ਸਜ਼ਾ ਦੇ ਕੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਲਈ ਸਫ਼ਲਤਾ ਪ੍ਰਾਪਤ ਕੀਤੀ | ਉਨ੍ਹ੍ਹਾਂ ਕਿਹਾ ਕਿ ਭਾਜਪਾ ਹਰ ਵਰਗ ਨੂੰ ਨਾਲ ਲੈ ਕੇ ਚੱਲ ਰਹੀ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ | ਇਸ ਮੌਕੇ 'ਤੇ ਭਾਜਪਾ ਆਗੂ ਰਮਨ ਮਹਿਤਾ, ਗੁਰਦੀਪ ਸਿੰਘ ਗੜੋਲੀਆ, ਜਸਵੀਰ ਸਿੰਘ ਚੁੰਨ੍ਹੀ, ਬਲਵੀਰ ਸਿੰਘ, ਮਨੀ ਮਹਿਤਾ, ਮਨਪ੍ਰੀਤ ਸਿੰਘ ਗੋਲਡੀ ਚੰੁਨ੍ਹੀ ਖ਼ੁਰਦ, ਰਮਨਜੀਤ ਸ਼ਰਮਾ ਅਤੇ ਅਮਿੱਤ ਗੁਪਤਾ ਵੀ ਹਾਜ਼ਰ ਸਨ |