ਫ਼ਤਹਿਗੜ੍ਹ ਸਾਹਿਬ, 30 ਅਗਸਤ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿਚ ਕਿਹਾ ਕਿ ਕੇਂਦਰ ਦੀ ਸੱਤਾ 'ਤੇ ਕਾਬਜ਼ ਭਾਜਪਾ ਹਕੂਮਤ ਜਿਵੇਂ ਨਫ਼ਰਤ ਅਧੀਨ ਪੰਜਾਬੀਆਂ ਤੇ ਸਿੱਖਾਂ ਨੂੰ ਮਾਲੀ ਤੌਰ 'ਤੇ ਮਜ਼ਬੂਤ ਕਰਨ ਵਿਚ ਸਾਜਸ਼ੀ ਢੰਗਾਂ ਰਾਹੀਂ ਅੜਿੱਕਾ ਬਣਦੀ ਆ ਰਹੀ ਹੈ | ਉਸੇ ਸੋਚ ਅਧੀਨ ਨਾ ਤਾਂ ਪੰਜਾਬ ਸੂਬੇ ਨੂੰ ਕੋਈ ਵੀ ਵੱਡੀ ਇੰਡਸਟਰੀ ਦਿੱਤੀ ਜਾ ਰਹੀ ਹੈ, ਨਾ ਜੀ.ਐਸ.ਟੀ ਦੇ ਕਰੋੜਾਂ ਰੁਪਏ ਪੰਜਾਬ ਦੇ ਫ਼ੰਡ ਜਾਰੀ ਕੀਤੇ ਜਾ ਰਹੇ ਹਨ, ਨਾ ਕੇਂਦਰੀ ਪੂਲ 'ਚੋਂ ਸਟੇਟਾਂ ਨੂੰ ਦਿੱਤੀ ਜਾਣ ਵਾਲੀ ਮਾਲੀ ਮਦਦ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਰਹੱਦਾਂ ਖੋਲ੍ਹ ਕੇ ਸਾਡੀਆਂ ਫਸਲਾਂ ਤੇ ਵਪਾਰੀਆਂ ਦੇ ਉਤਪਾਦ ਦੀ ਕੌਮਾਂਤਰੀ ਮੰਡੀ ਵਿਚ ਖੁੱਲ੍ਹੀ ਵਿੱਕਰੀ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ | ਇਨ੍ਹਾਂ ਹੁਕਮਰਾਨਾਂ ਵਲੋਂ ਮੰਦਭਾਵਨਾ ਅਧੀਨ ਇੰਡਸ ਵਾਟਰ ਟਰੀਟੀ ਦਾ ਘਾਣ ਕਰਕੇ ਜੋ ਪਾਕਿਸਤਾਨ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਜਾ ਰਹੇ ਪਾਣੀ ਨੂੰ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ, ਹੁਣ ਜਦੋਂ ਲੱਖਾਂ, ਕਰੋੜਾਂ ਕਿਊਸਕ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ, ਉਸ ਨੂੰ ਮੋਦੀ ਹਕੂਮਤ ਰੋਕ ਕੇ ਦਿਖਾਵੇ | ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਮੋਦੀ ਹਕੂਮਤ ਕੁਦਰਤ ਦੀਆਂ ਖੇਡਾਂ ਤੋਂ ਸਬਕ ਲੈ ਕੇ ਆਪਣੇ ਅੜੀਅਲ ਤੇ ਹਉਮੈ ਭਰੇ ਵਤੀਰੇ ਨੂੰ ਛੱਡ ਕੇ ਆਪਣੇ ਲੋਕਾਂ ਨਾਲ ਬੇਇਨਸਾਫ਼ੀਆਂ ਕਰਨਾ ਬੰਦ ਕਰੇਗੀ |