ਗੁਰਦਾਸਪੁਰ, 29 ਅਗਸਤ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਪਿੰਡ ਬੱਬੇਹਾਲੀ ਵਿਖੇ ਦੇਸ਼ ਦੇ ਮਸ਼ਹੂਰ ਮੇਲਿਆਂ ਦੇ ਸਰਤਾਜ ਬੱਬੇਹਾਲੀ ਦੇ ਛਿੰਝ ਮੇਲੇ ਵਿਚ ਇਸ ਵਾਰ ਹੜ੍ਹਾਂ ਦੇ ਮੱਦੇਨਜ਼ਰ ਵੱਡਾ ਫੇਰਬਦਲ ਕੀਤਾ ਗਿਆ ਹੈ | ਇਸ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਸ੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਇਹ ਮੇਲਾ 30 ਅਗਸਤ ਨੂੰ ਸ਼ਾਮ 4 ਵਜੇ ਸ਼ੁਰੂ ਹੋਵੇਗਾ, ਜਿੱਥੇ ਪਿੰਡ ਦੇ ਸਵਰਗੀ ਮਹਿੰਦਰ ਸਿੰਘ ਬੱਬੇਹਾਲੀ ਖੇਡ ਸਟੇਡੀਅਮ ਵਿਖੇ ਪੁਰਾਤਨ ਖੇਡਾਂ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ 31 ਅਗਸਤ ਨੂੰ ਸਵੇਰੇ 11 ਵਜੇ ਆਯੋਜਿਤ ਕੀਤੇ ਜਾਣ ਵਾਲੇ ਸੱਭਿਆਚਾਰਕ ਮੇਲੇ ਨੰੂ ਪੰਜਾਬ ਅੰਦਰ ਵੱਖ-ਵੱਖ ਥਾਈਾ ਆਏ ਹੜ੍ਹਾਂ ਕਾਰਨ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 31 ਅਗਸਤ ਨੂੰ ਸ਼ਾਮ 4 ਵਜੇ ਪਿੰਡ ਬੱਬੇਹਾਲੀ ਦੇ ਖੇਡ ਸਟੇਡੀਅਮ ਵਿਖੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣਗੇ | ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਵਿਚ ਆਏ ਹੜ੍ਹਾਂ ਕਾਰਨ ਪੀੜਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਵੱਖ-ਵੱਖ ਵਾਹਨ ਰਵਾਨਾ ਕਰਨਗੇ | ਉਨ੍ਹਾਂ ਕਿਹਾ ਕਿ ਬਟਾਲਾ ਹਲਕੇ ਦੇ ਨੌਸ਼ਹਿਰਾ ਮੱਝਾ ਸਿੰਘ, ਡੇਰਾ ਬਾਬਾ ਨਾਨਕ, ਗੁਰਦਾਸਪੁਰ, ਭੋਆ ਅਤੇ ਦੀਨਾਨਗਰ ਹਲਕੇ ਸਮੇਤ ਵੱਖ-ਵੱਖ ਹਲਕਿਆਂ ਵਿਚ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕਰਨਗੇ | ਸ. ਬੱਬੇਹਾਲੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚਾ ਅਕਾਲੀ ਦਲ ਹੜ੍ਹ ਪੀੜਤਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਦਾ ਛਿੰਝ ਮੇਲਾ ਪਿਛਲੇ ਸਾਲਾ ਵਾਂਗ ਹੀ ਲੱਗੇਗਾ | ਪਰ ਇਸ ਵਿਚ ਸਿਰਫ਼ ਸੱਭਿਆਚਾਰਕ ਪ੍ਰੋਗਰਾਮ ਰੱਦ ਕੀਤਾ ਗਿਆ ਹੈ |