ਤਾਰਾਗੜ੍ਹ, 29 ਅਗਸਤ (ਸੋਹਨ ਲਾਲ)-ਪਿਛਲੇ ਦਿਨਾਂ ਦੌਰਾਨ ਰਾਵੀ ਆਪਣੇ ਪੂਰੇ ਉਫਾਨ 'ਤੇ ਰਿਹਾ ਹੈ | ਦੋ ਦਿਨ ਪਹਿਲਾਂ ਰਾਵੀ ਅੰਦਰ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਰਾਵੀ ਦੇ ਨਾਲ-ਨਾਲ ਬਣਾਈ ਗਈ ਧੁੱਸੀ ਬਹੁਤ ਸਾਰੇ ਸਥਾਨਾਂ ਤੋਂ ਟੁੱਟ ਜਾਣ ਕਰਕੇ ਪਾਣੀ ਰਿਹਾਇਸ਼ੀ ਖੇਤਰਾਂ ਅੰਦਰ ਦਾਖਲ ਹੋ ਗਿਆ ਸੀ | ਇਸ ਤੋਂ ਇਲਾਵਾ ਕਿਸਾਨਾਂ ਦੀਆਂ ਫ਼ਸਲਾਂ ਵੀ ਕਾਫ਼ੀ ਪ੍ਰਭਾਵਿਤ ਹੋਈਆਂ | ਅੱਜ ਜਿਵੇਂ ਹੀ ਆਸਮਾਨ 'ਤੇ ਬੱਦਲਾਂ ਨੇ ਡੇਰਾ ਪਾਇਆ ਤਾਂ ਲੋਕਾਂ ਦੀਆਂ ਚਿੰਤਾਵਾਂ ਹੋਰ ਵੀ ਵੱਧ ਗਈਆਂ | ਕੁਝ ਸਮੇਂ ਤੋਂ ਬਾਅਦ ਰਾਵੀ ਅੰਦਰ ਪਾਣੀ ਦਾ ਪੱਧਰ ਵਧਣ ਲੱਗਾ ਅਤੇ ਪਾਣੀ ਕੋਲੀਆਂ ਅੱਡੇ ਦੇ ਨਾਲ ਲੱਗਦੇ ਕਿਨਾਰਿਆਂ ਨੂੰ ਪ੍ਰਭਾਵਿਤ ਕਰਨ ਲੱਗਾ | ਹਾਲਾਤ ਬਦਲਦੇ ਦੇਖ ਕੇ ਮੌਕੇ 'ਤੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ, ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ, ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਪਹੁੰਚੇ ਅਤੇ ਮੌਕੇ 'ਤੇ ਰਾਵੀ ਦਰਿਆ ਦਾ ਜਾਇਜ਼ਾ ਲਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਲੋਕਾਂ ਦੇ ਨਾਲ ਹੈ | ਉਨ੍ਹਾਂ ਕਿਹਾ ਕਿ ਮੌਕੇ 'ਤੇ ਪਹੁੰਚ ਕੇ ਦੇਖਿਆ ਗਿਆ ਕਿ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਰਕੇ ਕੋਲੀਆਂ ਦੇ ਨਾਲ ਲੱਗਦਾ ਕਿਨਾਰਾ ਪ੍ਰਭਾਵਿਤ ਹੋ ਰਿਹਾ ਸੀ | ਉਨ੍ਹਾਂ ਦੱਸਿਆ ਕਿ ਮੌਕੇ 'ਤੇ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕਿਨਾਰਿਆਂ 'ਤੇ ਬੰਨ੍ਹ ਲਗਾਇਆ ਜਾਵੇ ਤਾਂ ਜੋ ਪਾਣੀ ਦਾ ਰੁੱਖ ਮੋੜਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗੀ ਅਧਿਕਾਰੀਆਂ ਵਲੋਂ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਬੰਨ੍ਹ ਬੰਨ੍ਹਣ ਦੇ ਲਈ ਜੰਬੋ ਬੈਗ ਅਤੇ ਮਿੱਟੀ ਦੇ ਭਰੇ ਬੋਰਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਲੋਕਾਂ ਦੇ ਨਾਲ ਹੈ |