ਬਮਿਆਲ, 30 ਅਗਸਤ (ਰਕੇਸ਼ ਸ਼ਰਮਾ)-ਬੀਤੀ ਰਾਤ ਜੰਮੂ-ਕਸ਼ਮੀਰ ਦੇ ਰਾਮ ਬਨ ਦੇ ਵਿਚ ਬੱਦਲ ਫੱਟਣ ਕਾਰਨ ਜਿੱਥੇ ਵੱਡੀ ਤਬਾਹੀ ਹੋਈ | ਉੱਥੇ ਹੀ ਰਾਤ 1 ਵਜੇ ਦੇ ਕਰੀਬ ਸਰਹੱਦੀ ਖੇਤਰ ਬਮਿਆਲ ਦੇ ਤਿੰਨ ਦਰਿਆ ਉਝ, ਭਾਗ ਅਤੇ ਤਰਨਾਹ ਇਕਦਮ ਉਫਾਨ 'ਤੇ ਆ ਗਏ | ਜਿਸ ਦੇ ਚੱਲਦੇ ਪ੍ਰਸ਼ਾਸਨ ਵਲੋਂ ਰਾਤ 1:30 ਵਜੇ ਦੇ ਕਰੀਬ ਇਕ ਸੰਦੇਸ਼ ਵੀ ਸਰਕੂਲੇਟ ਕੀਤਾ ਗਿਆ | ਜਿਸ ਵਿਚ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਉੱਚੀਆਂ ਥਾਵਾਂ 'ਤੇ ਜਾ ਕੇ ਆਪਣਾ ਬਚਾਅ ਕਰਨ, ਕਿਉਂਕਿ ਜੰਮੂ-ਕਸ਼ਮੀਰ ਦੇ ਵਿਚ ਬੱਦਲ ਫੱਟਣ ਕਰਕੇ ਉਝ ਦਰਿਆ ਵਿਚ ਦੋ ਲੱਖ ਕਿਊਸਿਕ ਦੇ ਕਰੀਬ ਪਾਣੀ ਆ ਰਿਹਾ ਹੈ | ਇਹ ਮੈਸੇਜ ਮਿਲਣ ਤੋਂ ਬਾਅਦ ਸਰਹੱਦੀ ਖੇਤਰ ਦੇ ਲੋਕਾਂ ਦੀ ਨੀਂਦ ਉੱਡ ਗਈ ਅਤੇ ਲੋਕਾਂ ਦਾ ਧਿਆਨ ਉਝ ਦਰਿਆ ਵੱਲ ਰਿਹਾ | ਜਦੋਂ ਕਿ ਇਹ ਪਾਣੀ ਉਝ ਦਰਿਆ ਦੇ ਨਾਲ-ਨਾਲ ਪਾਕਿਸਤਾਨ ਸਰਹੱਦ ਦੀ ਜ਼ੀਰੋ ਰੇਖਾ 'ਤੇ ਸਥਿਤ ਪਿੰਡ ਸਕੋਲ ਅਤੇ ਪਿੰਡ ਢਿੰਡਾ ਦੇ ਨਜ਼ਦੀਕ ਵਗਦੇ ਭਾਗ ਅਤੇ ਤਰਨਾਹ ਦਰਿਆ 'ਚ ਵਧਿਆ | ਜਿੱਥੇ ਕਿ ਪਿੰਡ ਸਿੰਬਲ ਸਕੋਲ ਨੂੰ ਜਾਣ ਵਾਲੇ ਰਸਤੇ ਵਿਚ ਪੈਂਦੇ ਦਰਿਆ ਤਰਨਾਹ ਵਿਚ ਇਹ ਪਾਣੀ ਦਰਿਆ 'ਤੇ ਬਣੇ ਪੁਲ ਨਾਲ ਟਕਰਾ ਰਿਹਾ ਸੀ | ਇਸ ਤੋਂ ਇਲਾਵਾ ਇਹ ਪਾਣੀ ਸਰਹੱਦੀ ਪਿੰਡ ਢਿੰਡਾ ਦੇ ਖੇਤਰ ਵਿਚ ਪੂਰੀ ਤਰ੍ਹਾਂ ਫੈਲਿਆ | ਜਿੱਥੇ ਕਿ ਸੜਕਾਂ 'ਤੇ ਪਾਣੀ ਇਕੱਠਾ ਹੋਇਆ ਅਤੇ ਦੂਜੇ ਪਾਸੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਪ੍ਰਭਾਵਿਤ ਕਰ ਗਿਆ | ਢਿੰਡਾ ਵਾਸੀ ਲੋਕਾਂ ਦਾ ਕਹਿਣਾ ਹੈ ਕਿ ਰਾਤ 1:30 ਵਜੇ ਦੇ ਕਰੀਬ ਮੈਸੇਜ ਮਿਲਣ ਤੋਂ ਬਾਅਦ ਲੋਕਾਂ ਨੂੰ ਪਾਣੀ ਦੀ ਚਿੰਤਾ ਸੱਤਾਉਣਾ ਸ਼ੁਰੂ ਕਰ ਗਈ ਸੀ | ਜਿਸ ਦੇ ਚੱਲਦੇ ਲੋਕਾਂ ਵਲੋਂ ਰਾਤ ਕੋਠੇ 'ਤੇ ਬੈਠ ਕੇ ਬਿਤਾਈ ਗਈ ਅਤੇ ਲਗਾਤਾਰ ਖੇਤਰ ਵਿਚ ਪਾਣੀ ਦਾ ਪੱਧਰ ਵਧਦਾ ਗਿਆ | ਇਸ ਪਾਣੀ ਨਾਲ ਜਾਨੀ ਮਾਲੀ ਨੁਕਸਾਨ ਹੋਣ ਦੀ ਤਾਂ ਖ਼ਬਰ ਕੋਈ ਨਹੀਂ ਹੈ | ਪਰ ਇਸ ਪਾਣੀ ਵਲੋਂ ਖੇਤਰ ਦੀਆਂ ਫ਼ਸਲਾਂ ਨੂੰ ਅਤੇ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ |