ਡੇਰਾ ਬਾਬਾ ਨਾਨਕ, 19 ਸਤੰਬਰ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਨਜ਼ਦੀਕ ਡੇਰਾ ਬਾਬਾ ਨਾਨਕ-ਫਤਹਿਗੜ੍ਹ ਚੂੜੀਆਂ ਰੋਡ 'ਤੇ ਇੰਟਰਨੈਸ਼ਨਲ ਪੰਥਕ ਦਲ ਵਲੋਂ ਵੀ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਦੀ ਅਗਵਾਈ ਹੇਠ ਪਹਿਲੇ ਦਿਨ ਤੋਂ ਹੀ ਰਾਹਤ ਕੈਂਪ ਲਗਾਇਆ ਹੋਇਆ ਹੈ, ਜਿਸ ਕੈਂਪ ਵਿਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਜਿੱਥੇ ਪੱਕੇ ਤੌਰ 'ਤੇ ਲੰਗਰ ਤੇ ਮੈਡੀਕਲ ਕੈਂਪ ਲਗਾਏ ਗਏ ਹਨ, ਉੱਥੇ ਹੀ ਲੋਕਾਂ ਦੇ ਘਰ-ਘਰ ਤੱਕ ਰਾਹਤ ਸਮੱਗਰੀ ਤੇ ਪਸ਼ੂਆਂ ਲਈ ਚਾਰਾ ਪਹੁੰਚਾਇਆ ਜਾ ਰਿਹਾ ਹੈ | ਇਸ ਕੈਂਪ ਵਿਚ ਅੱਜ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਇੰਟਰਨੈਸ਼ਨਲ ਪੰਥਕ ਦਲ ਵਲੋਂ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਸਮੱਗਰੀ ਤੇ ਪਸ਼ੂਆਂ ਦਾ ਚਾਰਾ ਪਹੁੰਚਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਸਥਾਨ ਪਿੰਡ ਰੋਡੇ ਦੇ ਗੁਰਦੁਆਰਾ ਸੰਤ ਖਾਲਸਾ ਤੋਂ ਵੱਡੀ ਤਾਦਾਦ ਵਿਚ ਸੰਗਤਾਂ ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਹਨ | ਇਸ ਮੌਕੇ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਐਸ.ਜੀ.ਪੀ.ਸੀ., ਸੰਤ ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਵਾਲੇ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਐਸ.ਜੀ.ਪੀ.ਸੀ., ਜਥੇਦਾਰ ਬੂਟਾ ਸਿੰਘ ਰੋਡੇ, ਬਾਬਾ ਸੱਜਣ ਸਿੰਘ, ਜਥੇਦਾਰ ਸਵਰਨ ਸਿੰਘ ਤਰਨਾ ਦਲ, ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਬਲਵੰਤ ਸਿੰਘ, ਭਾਈ ਬਲਵੀਰ ਸਿੰਘ ਲੱਦਾ ਖੇੜਾ, ਤਰਜਿੰਦਰ ਸਿੰਘ ਰੰਦੇਵ, ਹਰਦੇਵ ਸਿੰਘ ਤੇ ਭਾਈ ਦਇਆ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |