ਫ਼ਾਜ਼ਿਲਕਾ, 29 ਅਗਸਤ (ਦਵਿੰਦਰ ਪਾਲ ਸਿੰਘ)-ਦੇਸ਼ ਦੀ ਆਨ ਬਾਣ ਅਤੇ ਸ਼ਾਨ ਦੇ ਲਈ ਜਾਨਾਂ ਵਾਰਨ ਵਾਲੀ ਭਾਰਤੀ ਫ਼ੌਜ ਹੁਣ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਅੱਗੇ ਆਈ ਹੈ | ਫ਼ਾਜ਼ਿਲਕਾ ਸੈਕਟਰ 'ਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦਾ ਫ਼ੌਜ ਵਲੋਂ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ | ਦੋ ਦਿਨਾਂ ਵਿਚ ਹੀ ਭਾਰਤੀ ਫ਼ੌਜ ਵਲੋਂ ਕਿਸ਼ਤੀ ਰਾਹੀਂ 500 ਦੇ ਕਰੀਬ ਲੋਕਾਂ ਨੂੰ ਰੈਸਕਿਊ ਕੀਤਾ ਗਿਆ | ਭਾਰਤੀ ਫ਼ੌਜ ਦੀ 61.ਇੰਜੀਨੀਅਰ ਰੈਜੀਮੈਂਟ ਦੀ ਸ੍ਰੀ ਗੰਗਾਨਗਰ ਦੀਆਂ ਟੀਮਾਂ ਸਰਹੱਦੀ ਪਿੰਡਾਂ ਅੰਦਰ ਕੰਮ ਕਰ ਰਹੀਆਂ ਹਨ | ਲੋਕਾਂ ਦੇ ਲਈ ਭਾਰਤੀ ਫ਼ੌਜ ਮਸੀਹਾ ਬਣ ਕੇ ਮੈਦਾਨ ਵਿਚ ਉੱਤਰੀ ਹੈ | ਮੁਸ਼ਕਿਲ ਹਲਾਤਾਂ ਨੂੰ ਪਾਰ ਕਰਦਿਆਂ ਭਾਰਤੀ ਫ਼ੌਜ ਆਪਣੇ ਦੇਸ਼ ਦੇ ਲੋਕਾਂ ਨੂੰ ਮੁਸੀਬਤਾਂ ਤੋਂ ਰਾਹਤ ਦੁਆ ਰਹੀ ਹੈ | ਜਿਸ ਨੂੰ ਲੈ ਕੇ ਸਰਹੱਦੀ ਪਿੰਡਾਂ ਦੇ ਲੋਕ ਭਾਰਤੀ ਫ਼ੌਜ ਦਾ ਦਿਲੋਂ ਧੰਨਵਾਦ ਕਰ ਰਹੇ ਹਨ | ਇਸ ਦੇ ਨਾਲ ਹੀ ਭਾਰਤੀ ਫ਼ੌਜ ਹੜ੍ਹ ਪੀੜਤਾਂ ਦੇ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ | ਜਿਸ ਵਿਚ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਭਾਰਤੀ ਫ਼ੌਜ ਦੀ ਰੈਸਕਿਊ ਟੀਮ ਦੇ ਨਾਲ ਪਾਣੀ ਤੋਂ ਬਾਹਰ ਆਏ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਪਾਣੀ ਵਿਚ ਘਿਰੇ ਹੋਏ ਹਨ ਅਤੇ ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਸਨ | ਰਾਸ਼ਨ, ਪਾਣੀ ਦੀ ਵੀ ਥੋੜ੍ਹ ਵੀ ਉਨ੍ਹਾਂ ਨੂੰ ਹੋ ਰਹੀ ਸੀ | ਜਿਸ ਕਾਰਨ ਹੁਣ ਭਾਰਤੀ ਫ਼ੌਜ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਹੈ ਅਤੇ ਹੁਣ ਉਹ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਕੇ ਰਹਿਣਗੇ | ਉਨ੍ਹਾਂ ਕਿਹਾ ਕਿ ਬੜੇ ਮੁਸ਼ਕਿਲ ਹਲਾਤਾਂ ਵਿਚ ਉਹ ਘਰਾਂ ਦੇ ਅੰਦਰ ਪਾਣੀ ਦੇ ਕੈਦੀ ਬਣ ਕੇ ਰਹਿ ਗਏ ਸਨ | ਡਵੀਜ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ 61 ਇੰਜੀਨੀਅਰ ਦੇ ਸੀ.ਓ.ਦੇ ਹੁਕਮਾਂ 'ਤੇ ਪਾਰਟੀ ਕਮਾਡੈਂਟ ਲੈਫ਼ਟੀਨੈਂਟ ਕਰਨਲ ਪ੍ਰਦੀਪ ਰਾਣਾ, ਸੂਬੇਦਾਰ ਦਿਵਿਆ ਸ਼ੰਕਰ, ਨਾਇਬ ਸੂਬੇਦਾਰ ਨਰਦੇਸ਼ਵਰ ਸਿੰਘ, ਹਵਲਦਾਰ ਗਿਆਨ ਇੰਦਰ ਦੀ ਅਗਵਾਈ ਹੇਠ ਭਾਰਤੀ ਫ਼ੌਜ ਫ਼ਾਜ਼ਿਲਕਾ ਸੈਕਟਰ ਦੇ ਸਰਹੱਦੀ ਪਿੰਡਾਂ ਦੇ ਅੰਦਰ ਕੰਮ ਕਰ ਰਹੀ ਹੈ | ਇਸ ਦੇ ਨਾਲ ਹੀ ਭਾਰਤੀ ਫ਼ੌਜ ਹੜ੍ਹ ਪੀੜਤਾਂ ਤੱਕ ਰਾਹਤ ਸਮਗਰੀ ਅਤੇ ਪਸ਼ੂਆਂ ਦਾ ਹਰਾ ਚਾਰਾ ਵੀ ਪਹੁੰਚਾ ਰਹੀ ਹੈ |