ਆਲਮਗੀਰ, 29 ਅਗਸਤ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਬਹੁ-ਪੱਖੀ ਸਿਖਲਾਈ ਕੇਂਦਰ ਸੀ.ਐਮ.ਐਲ. ਨੇ 'ਜੰਗਲੀ ਜੀਵ ਅਤੇ ਕੁਦਰਤ ਫ਼ੋਟੋਗਰਾਫੀ' ਵਿਸ਼ੇ 'ਤੇ ਇਕ ਵਰਕਸ਼ਾਪ ਕਰਵਾਈ ਗਈ | ਇਸ ਪ੍ਰੋਗਰਾਮ ਵਿਚ ਬਾਗ਼ਬਾਨੀ ਦੇ ਪ੍ਰਸਿੱਧ ਮਾਹਿਰ ਡਾ. ਬਿ੍ਜ ਮੋਹਨ ਭਾਰਦਵਾਜ ਨੇ ਹਾਜ਼ਰੀ ਭਰੀ ਅਤੇ ਉਨ੍ਹਾਂ ਨੇ ਫ਼ੋਟੋਗਰਾਫੀ ਦੀ ਕਲਾ ਅਤੇ ਵਿਗਿਆਨ ਬਾਰੇ ਆਪਣੇ ਵਿਚਾਰ ਸਾਂਝਾ ਕੀਤੇ | ਇਸ ਮੌਕੇ ਡਾ. ਹਰਮੀਤ ਸਿੰਘ ਮੁਖੀ ਮਕੈਨੀਕਲ ਵਿਭਾਗ ਨੇ ਭਾਗੀਦਾਰਾਂ ਦਾ ਰਸਮੀ ਸਵਾਗਤ ਕੀਤਾ | ਉਪਰੰਤ ਬਤੌਰ ਮਾਹਿਰ ਗੱਲਬਾਤ ਕਰਦਿਆਂ ਡਾ. ਭਾਰਦਵਾਜ ਨੇ ਦੱਸਿਆ ਕਿ ਵਧੀਆ ਫ਼ੋਟੋਗਰਾਫੀ ਪਿੱਛੇ ਮੁੱਖ ਯੋਗਦਾਨ ਕੈਮਰੇ ਦਾ ਨਹੀਂ, ਬਲਕਿ ਇਕ ਚੰਗੇ ਫ਼ੋਟੋਗਰਾਫ਼ਰ ਹੈ | ਉਨ੍ਹਾਂ ਨੇ ਰੌਸ਼ਨੀ, ਨਿਰੀਖਣ ਅਤੇ ਰਚਨਾ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ | ਐਚ.ਐਸ. ਢਿੱਲੋਂ ਜਨਰਲ ਸਕੱਤਰ ਜੈਨਕੋ ਐਲੂਮਨੀ ਐਸੋਸੀਏਸ਼ਨ, ਪ੍ਰੋਫੈਸਰ ਲਖਬੀਰ ਸਿੰਘ ਖਾਨਾ ਇੰਚਾਰਜ ਸੀਐਮਐਲ ਅਤੇ ਫੈਕਲਟੀ ਮੈਂਬਰਾਂ ਨੇ ਵੀ ਹਾਜ਼ਰੀ ਭਰ ਕੇ ਆਪਣੀ ਭਾਗੀਦਾਰੀ ਨਾਲ ਵਰਕਸ਼ਾਪ ਦੀ ਸ਼ੋਭਾ ਵਧਾਈ | ਵਰਕਸ਼ਾਪ ਨੇ ਭਾਗੀਦਾਰਾਂ ਨੂੰ ਫ਼ੋਟੋਗਰਾਫੀ ਦੇ ਜ਼ਰੀਏ ਇਕ ਕਹਾਣੀਕਾਰ ਦਾ ਰੋਲ ਨਿਭਾਅ ਇਸ ਨੰੂ ਸਮਾਜ ਤੱਕ ਆਪਣੀ ਗੱਲ ਪਹੁੰਚਾਉਣ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਬਣਾਉਣ ਦਾ ਸੁਨੇਹਾ ਦਿੱਤਾ | ਇਹ ਪ੍ਰੋਗਰਾਮ ਭਾਗੀਦਾਰਾਂ ਵਿਚ ਫ਼ੋਟੋਗਰਾਫੀ ਲਈ ਇਕ ਨਵਾਂ ਉਤਸ਼ਾਹ ਪੈਦਾ ਕਰਦਾ ਦਿਖਾਈ ਦਿੱਤਾ ਜੋ ਕਿ ਸੀ.ਐਮ.ਐਲ. ਦੇ ਮਿਸ਼ਨ ਵਿਚ ਇਕ ਸ਼ਾਨਦਾਰ ਸਫਲਤਾ ਵਜੋਂ ਦਰਜ ਕੀਤਾ ਗਿਆ |