ਢੰਡਾਰੀ ਕਲਾ/ਲੁਧਿਆਣਾ, 30 ਅਗਸਤ (ਜਸਵੀਰ ਸਿੰਘ ਬੰਗਾ)-ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵਲੋਂ ਵਾਰਡ ਨੰਬਰ 32 ਅਧੀਨ ਓਸਵਾਲ ਐਗਰੋ ਤੋਂ ਤੋਂ ਲੈ ਕੇ ਮੇਨ ਹਾਈਵੇ ਤੱਕ ਦੀ ਮੁੱਖ ਸੜਕ ਅਤੇ ਇੰਡਸਟਰੀ ਏਰੀਆ ਸੀ1 ਸਿੰਗਲਾ ਸਾਈਕਲ ਰੋਡ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ | ਵਿਧਾਇਕ ਛੀਨਾ ਨੇ ਦੱਸਿਆ ਕਿ ਇਸ ਵਿਸ਼ਾਲ ਸੜਕ ਦਾ ਨਿਰਮਾਣ 10 ਇੰਚ ਆਰ.ਐਮ.ਸੀ. ਨਾਲ ਕਰਵਾਇਆ ਜਾ ਰਿਹਾ ਹੈ, ਜਿਸ 'ਤੇ ਕਰੀਬ 97 ਲੱਖ 10 ਹਜ਼ਾਰ ਰੁਪਏ ਖ਼ਰਚ ਕੀਤੇ ਜਾਣੇ ਹਨ | ਵਿਧਾਇਕ ਛੀਨਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਇਸ ਇਲਾਕੇ ਦੀ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਹੁਣ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ | ਵਿਧਾਇਕ ਛੀਨਾ ਨੇ ਕਿਹਾ ਕਿ ਇਸ ਮੇਨ ਸੜਕ ਦੇ ਨਿਰਮਾਣ ਨਾਲ ਆਵਾਜਾਈ ਸੁਖਾਲੀ ਹੋਵੇਗੀ ਅਤੇ ਬਰਸਾਤੀ ਮੌਸਮ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ | ਵਿਧਾਇਕਾ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਚਲਾਈ ਜਾ ਰਹੀ ਤਾਂ ਜੋ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨਾ ਰਹਿਣ | ਇਸ ਮੌਕੇ ਬਲਬੀਰ ਸਿੰਘ ਭੋਲਾ, ਕੁਲਦੀਪ ਧੀਂਗਾਨ ਵੀ ਮੌਜੂਦ ਸਨ |