ਲੁਧਿਆਣਾ, 30 ਅਗਸਤ (ਜਤਿੰਦਰ ਭੰਬੀ)-ਏਸ਼ੀਆ ਦੀ ਸਭ ਤੋਂ ਵੱਡੀ ਟਰੇਡ ਸੰਸਥਾ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ 'ਚ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਜੇਤੂ ਰਹੇ ਉਮੀਦਵਾਰ ਜਸਵਿੰਦਰ ਸਿੰਘ ਠੁਕਰਾਲ ਨੂੰ ਯੂ.ਸੀ.ਪੀ.ਐਮ.ਏ. ਚੋਣਾਂ ਲਈ ਨਿਯੁਕਤ ਚੋਣ ਅਧਿਕਾਰੀ ਮਨਜਿੰਦਰ ਸਿੰਘ ਸਚਦੇਵਾ ਨੇ ਜਿੱਤ ਦਾ ਸਰਟੀਫਿਕੇਟ ਸੌਂਪਿਆ | ਇਸ ਮੌਕੇ ਜਸਵਿੰਦਰ ਸਿੰਘ ਠੁਕਰਾਲ ਨੇ ਮਿਲੀ ਇਸ ਸ਼ਾਨਦਾਰ ਜਿੱਤ ਲਈ ਜਿੱਥੇ ਉਨ੍ਹਾਂ ਪੂਰੇ ਡੀ.ਐਸ ਚਾਵਲਾ ਧੜੇ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਆਪਣੇ ਸਮਰਥਕ ਚਰਨਜੀਤ ਸਿੰਘ ਵਿਸ਼ਵਕਰਮਾ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸਮੂਹ ਯੂ.ਸੀ.ਪੀ.ਐਮ.ਏ. ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਹੋਇਆ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਹ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਉਦਯੋਗਪਤੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ |