ਲੁਧਿਆਣਾ, 19 ਸਤੰਬਰ (ਜਤਿੰਦਰ ਭੰਬੀ)-ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸ਼ੁੱਕਰਵਾਰ ਨੂੰ 2 ਕਰੋੜ 19 ਲੱਖ ਦੀ ਲਾਗਤ ਵਾਲੇ 6 ਮੁੱਖ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਦਾ ਉਦੇਸ਼ ਸੰਪਰਕ ਵਧਾਉਣਾ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਹੈ | ਭਾਮੀਆਂ ਖੁਰਦ ਤੋਂ ਸ਼ੰਕਰ ਕਾਲੋਨੀ, ਭਾਮੀਆਂ ਸੜਕ ਤੋਂ ਤਾਜਪੁਰ ਸੜਕ, ਜੇਲ੍ਹ ਸੜਕ, ਉਚੀ ਮੰਗਲੀ ਤੋਂ ਐਲ.ਸੀ. ਸੜਕ, ਗੋਬਿੰਦਗੜ੍ਹ ਤੋਂ ਉਚੀ ਮੰਗਲੀ ਅਤੇ ਜੀ.ਟੀ. ਰੋਡ ਤੋਂ ਪਹੁੰਚ ਸੜਕ ਸ਼ਾਮਿਲ ਹਨ | ਮੰਤਰੀ ਮੁੰਡੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਪਣੇ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਸੜਕੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੰਪਰਕ ਵਧਾਉਣ, ਪਹੁੰਚਯੋਗਤਾ ਵਿਚ ਸੁਧਾਰ ਕਰਨ ਅਤੇ ਖੇਤਰ ਵਿਚ ਯਾਤਰੀਆਂ ਲਈ ਸੁਚਾਰੂ ਯਾਤਰਾ ਨੂੰ ਯਕੀਨੀ ਬਣਾਉਣਗੇ | ਉਨ੍ਹਾਂ ਭਰੋਸਾ ਦਿੱਤਾ ਕਿ ਜਨਤਾ ਨੂੰ ਤੁਰੰਤ ਲਾਭ ਪਹੁੰਚਾਉਣ ਲਈ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ | ਮੰਤਰੀ ਮੁੰਡੀਆਂ ਨੇ ਇਹ ਵੀ ਕਿਹਾ ਕਿ ਇਹ ਪ੍ਰੋਜੈਕਟ ਆਉਣ-ਜਾਣ ਨੂੰ ਆਸਾਨ ਬਣਾਉਣਗੇ, ਸਥਾਨਕ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਗੇ ਅਤੇ ਸਾਹਨੇਵਾਲ ਹਲਕੇ ਦੇ ਸਮੁੱਚੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣਗੇ |