26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜਿਊਲਰ ਹਮਲੇ ਪਿੱਛੇ ਗੈਂਗਸਟਰ ਲਖਬੀਰ ਲੰਡਾ ਦਾ ਹੱਥ, ਮੁੱਖ ਸ਼ੂਟਰ ਗਿ੍ਫ਼ਤਾਰ

ਅਜੀਤ ਡੈਸਕ 31-08-2025
ਚੰਡੀਗੜ੍ਹ, 30 ਅਗਸਤ (ਅਜੀਤ ਬਿਊਰੋ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਸੰਗਠਿਤ ਅਪਰਾਧ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ) ਨੇ ਜਿਊਲਰ ਹਮਲੇ ਵਿਚ ਸ਼ਾਮਲ ਮੁੱਖ ਸ਼ੂਟਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਗਰੋਸ਼ਨ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ, ਤਰਨਤਾਰਨ ਵਜੋਂ ਹੋਈ ਹੈ | ਮੁਲਜ਼ਮ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ | ਜਾਣਕਾਰੀ ਅਨੁਸਾਰ, 14 ਅਗਸਤ, 2025 ਨੂੰ ਸ਼ਾਮ 6 ਵਜੇ ਦੇ ਕਰੀਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੀਰਾ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਜਿਊਲਰੀ ਸ਼ਾਪ ਦੇ ਮਾਲਕ 'ਤੇ ਗੋਲੀਬਾਰੀ ਕੀਤੀ ਸੀ ਅਤੇ ਇਸ ਹਮਲੇ ਦੌਰਾਨ ਦੁਕਾਨ ਮਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ | ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੂਟਰਾਂ ਨੇ ਵਿਦੇਸ਼ ਅਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਇਸ਼ਾਰਿਆਂ 'ਤੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ | ਇਸ ਆਪੇ੍ਰਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ, ਏ.ਜੀ.ਟੀ.ਐਫ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ) ਪ੍ਰਮੋਦ ਬਾਨ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ, ਡੀ.ਐਸ.ਪੀ ਏ.ਜੀ.ਟੀ.ਐਫ ਰਾਜਨ ਪਰਮਿੰਦਰ ਦੀ ਅਗਵਾਈ ਵਿਚ ਏ.ਜੀ.ਟੀ.ਐਫ ਦੀਆਂ ਪੁਲਿਸ ਟੀਮਾਂ ਨੇ ਜ਼ੀਰਾ ਦੇ ਪਿੰਡ ਮਨਸੂਰ ਦੇਵਾ ਵਿਚ ਝਟਰਾ ਰੋਡ 'ਤੇ ਨਹਿਰ ਦੇ ਪੁਲ ਤੋਂ ਦੋਸ਼ੀ ਜਗਰੋਸ਼ਨ ਨੂੰ ਗਿ੍ਫ਼ਤਾਰ ਕਰ ਲਿਆ | ਏ.ਡੀ.ਜੀ.ਪੀ ਨੇ ਦੱਸਿਆ ਕਿ ਜਗਰੋਸ਼ਨ ਜਿਊਲਰ ਹਮਲੇ ਸੰਬੰਧੀ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਗਿਆ ਤੀਜਾ ਦੋਸ਼ੀ ਹੈ ਅਤੇ ਉਹ ਇਸ ਹਮਲੇ ਵਿਚ ਮੁੱਖ ਸ਼ੂਟਰ ਸੀ | ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ, ਦੋ ਹੋਰ ਦੋਸ਼ੀਆਂ, ਜਿਨ੍ਹਾਂ ਦੀ ਪਛਾਣ ਹਰਜੀਤ ਉਰਫ ਜੀਤਾ ਅਤੇ ਸਨਮੁਖ ਉਰਫ ਸੰਨੀ ਵਜੋਂ ਹੋਈ ਹੈ, ਨੂੰ ਏ.ਜੀ.ਟੀ.ਐਫ ਦੀਆਂ ਟੀਮਾਂ ਨੇ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਸੀ | ਇਸ ਸਬੰਧੀ, ਐਫ.ਆਈ.ਆਰ ਨੰਬਰ 87 ਮਿਤੀ 15.08.2025 ਨੂੰ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ) ਦੀਆਂ ਧਾਰਾਵਾਂ 109 ਅਤੇ 309 (6) ਅਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਥਾਣਾ ਜ਼ੀਰਾ ਵਿਖੇ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ |
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੇ ਅਪਮਾਨ 'ਤੇ ਭਾਜਪਾ ਯੁਵਾ ਮੋਰਚਾ ਵਲੋਂ ਕਾਂਗਰਸ ਭਵਨ ਦਾ ਘਿਰਾਓ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੋਣਾਂ 'ਚ 2 ਜਥੇਬੰਦੀਆਂ ਨੇ ਕੀਤਾ ਸਮਝੌਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।