ਡੇਰਾਬੱਸੀ, 19 ਸਤੰਬਰ (ਰਣਬੀਰ ਸਿੰਘ ਪੜ੍ਹੀ)-ਲਾਲੜੂ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਬਾਰੇ 'ਦਾੜੀ-ਮੁੱਛਾਂ 'ਤੇ ਗਰੀਸ ਲਗਾਉਣ ਵਾਲੇ' ਦੇ ਰੂਪ 'ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਡੇਰਾਬੱਸੀ ਵਿਖੇ ਕਾਂਗਰਸ ਦੇ ਸਥਾਨਕ ਆਗੂਆਂ ਵਲੋਂ ਪ੍ਰੈਸ ਕਾਨਫ਼ਰੰਸ ਸੱਦ ਕੇ ਇਸ ਬਿਆਨ ਖ਼ਿਲਾਫ਼ ਤਿੱਖਾ ਰੋਸ ਜ਼ਾਹਿਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਵਿਧਾਇਕ ਰੰਧਾਵਾ ਨੇ ਸਿਰਫ਼ ਇਕ ਵਿਅਕਤੀ ਨਹੀਂ, ਸਗੋਂ ਪੂਰੇ ਸਿੱਖ ਭਾਈਚਾਰੇ ਦੀ ਸ਼ਾਨ ਖ਼ਿਲਾਫ਼ ਅੱਪਸ਼ਬਦ ਬੋਲੇ ਹਨ | ਇਸ ਮੌਕੇ ਹਾਜ਼ਰ ਕਾਂਗਰਸੀ ਆਗੂਆਂ ਬਲਿਹਾਰ ਸਿੰਘ ਬੱਲੀ (ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ), ਜਰਨੈਲ ਸਿੰਘ ਝਰਮੜੀ, ਪ੍ਰਤਾਪ ਰਾਣਾ, ਕਰਨੈਲ ਸਿੰਘ ਹਮਾਂਯੂਪੁਰ (ਦਿਹਾਤੀ ਬਲਾਕ ਪ੍ਰਧਾਨ), ਮਾਸਟਰ ਮੋਹਨ ਲਾਲ (ਕੌਂਸਲਰ ਲਾਲੜੂ), ਨੈਬ ਸਿੰਘ ਬਾਜਵਾ, ਸੁੱਖਾ ਮਲਕਪੁਰ (ਸਾਬਕਾ ਬਲਾਕ ਸੰਮਤੀ ਮੈਂਬਰ), ਜਿੰਦਰ ਸਿੰਘ ਤੁਰਕ, ਸਤਨਾਮ ਸਿੰਘ ਰਾਮਪੁਰ ਸੈਣੀਆਂ (ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ) ਤੇ ਗੁਰਵਿੰਦਰ ਸਿੰਘ (ਬਲਾਕ ਪ੍ਰਧਾਨ) ਨੇ ਕਿਹਾ ਕਿ ਵਿਧਾਇਕ ਰੰਧਾਵਾ ਨੇ ਹਲਕੇ 'ਚ ਕੋਈ ਵਿਕਾਸ ਨਹੀਂ ਕਰਵਾਇਆ ਤੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਹੁਣ ਉਹ ਹੇਠਲੇ ਪੱਧਰ ਦੀ ਰਾਜਨੀਤੀ 'ਤੇ ਉਤਰ ਆਏ ਹਨ | ਇਸ ਤਰ੍ਹਾਂ ਦੀ ਸ਼ਬਦਾਵਲੀ ਸਿਰਫ਼ ਮਾੜੀ ਸੋਚ ਹੀ ਨਹੀਂ, ਸਗੋਂ ਸੱਤਾ ਦੇ ਹੰਕਾਰ ਦੀ ਨਿਸ਼ਾਨੀ ਹੈ | ਕਾਂਗਰਸੀ ਆਗੂਆਂ ਨੇ ਆਖਿਆ ਕਿ ਰੰਧਾਵਾ ਇਸ ਤੋਂ ਪਹਿਲਾਂ ਰਾਜਪੂਤ ਭਾਈਚਾਰੇ ਬਾਰੇ ਵੀ ਅਪਮਾਨਜਨਕ ਬਿਆਨ ਦੇ ਚੁੱਕੇ ਹਨ ਤੇ ਉਸ ਵੇਲੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਪਈ ਸੀ | ਹੁਣ ਸਿੱਖ ਭਾਈਚਾਰੇ ਬਾਰੇ ਨਿੰਦਣਯੋਗ ਟਿੱਪਣੀ ਕਰਕੇ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ | ਆਗੂਆਂ ਨੇ ਸਿੱਖ ਧਾਰਮਿਕ ਸੰਸਥਾਵਾਂ, ਐਸ. ਜੀ. ਪੀ. ਸੀ. ਮੈਂਬਰਾਂ ਅਤੇ ਵਿਦਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਰੰਧਾਵਾ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਰੰਧਾਵਾ ਨੇ ਜਨਤਕ ਤੌਰ 'ਤੇ ਮੁਆਫ਼ੀ ਨਾ ਮੰਗੀ ਤਾਂ ਉਹ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਕਾਰਵਾਈ ਦੀ ਮੰਗ ਕਰਨਗੇ |