25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਾਅਵਿਆਂ ਦੇ ਬਾਵਜੂਦ ਬਲਾਕ ਮਾਜਰੀ ਖੇਤਰ 'ਚ ਰਾਤ ਸਮੇਂ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਜਾਰੀ <br/>

ਅਜੀਤ ਡੈਸਕ 20-09-2025
ਮਾਜਰੀ, 19 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਾਅਵਿਆਂ ਦੇ ਬਾਵਜੂਦ ਬਲਾਕ ਮਾਜਰੀ ਖੇਤਰ ਦੇ ਵੱਖ-ਵੱਖ ਪਿੰਡਾਂ ਦੀਆਂ ਬਰਸਾਤੀ ਨਦੀਆਂ ਤੇ ਖੇਵਟ ਜ਼ਮੀਨਾਂ 'ਚੋਂ ਰਾਤ ਸਮੇਂ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਬਾਦਸਤੂਰ ਜਾਰੀ ਹੈ | ਬੀਤੇ ਦਿਨੀਂ ਥਾਣਾ ਮਾਜਰੀ ਅਧੀਨ ਪੈਂਦੇ ਪਿੰਡ ਮੀਆਂਪੁਰ ਚੰਗਰ ਤੇ ਖਿਜ਼ਰਾਬਾਦ ਦੇ ਬੰਨ੍ਹੇ 'ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਸੰਬੰਧੀ ਪਿੰਡ ਖਿਜ਼ਰਾਬਾਦ ਤੇ ਮੀਆਂਪੁਰ ਚੰਗਰ ਦੇ ਵਿਅਕਤੀਆਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਖਿਜ਼ਰਾਬਾਦ ਤੇ ਮੀਆਂਪੁਰ ਚੰਗਰ ਨਾਲ ਲੱਗਦੇ ਬੰਨ੍ਹੇ ਦੀ ਖੇਵਟ ਜ਼ਮੀਨ 'ਚੋਂ ਰਾਤ ਸਮੇਂ ਜੇ. ਸੀ. ਬੀ. ਮਸ਼ੀਨਾਂ ਤੇ ਟਿੱਪਰਾਂ ਰਾਹੀਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਕਾਰਨ ਸ਼ਾਮਲਾਤ ਜ਼ਮੀਨ ਤੇ ਖੇਵਟ ਜ਼ਮੀਨ 'ਚ ਪਏ ਵੱਡੇ-ਵੱਡੇ ਟੋਇਆਂ 'ਚ ਬਰਸਾਤੀ ਪਾਣੀ ਭਰ ਗਿਆ ਹੈ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਪਿੰਡ ਵਾਸੀਆਂ ਨੇ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਾਈਨਿੰਗ ਵਿਭਾਗ ਤੇ ਸਥਾਨਕ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤੀ ਨਾਲ ਹੀ ਰਾਤ ਸਮੇਂ ਨਾਜਾਇਜ਼ ਮਾਈਨਿੰਗ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਇਸ ਬਾਬਤ ਮਾਈਨਿੰਗ ਵਿਭਾਗ ਤੇ ਪੁਲਿਸ ਨੂੰ ਸੂਚਿਤ ਵੀ ਕਰ ਚੁੱਕੇ ਹਨ, ਪਰ ਕਿਸੇ ਅਧਿਕਾਰੀ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ, ਉਲਟਾ ਮਾਈਨਿੰਗ ਵਿਭਾਗ ਤੇ ਪੁਲਿਸ ਮੁਲਾਜ਼ਮਾਂ ਵਲੋਂ ਨਾਜਾਇਜ਼ ਮਾਈਨਿੰਗ ਕਰਨ ਤੇ ਕਰਵਾਉਣ ਵਾਲੇ ਵਿਅਕਤੀਆਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ ਤੁਹਾਡੀ ਸ਼ਿਕਾਇਤ ਆਈ ਹੈ, ਇਸ ਲਈ ਕੁਝ ਦਿਨਾਂ ਵਾਸਤੇ ਕੰਮ ਬੰਦ ਕਰ ਦਿਓ | ਉਨ੍ਹਾਂ ਦੱਸਿਆ ਕਿ ਕੁਝ ਦਿਨ ਬੀਤਣ ਤੋਂ ਬਾਅਦ ਨਾਜਾਇਜ਼ ਮਾਈਨਿੰਗ ਦਾ ਕੰਮ ਫ਼ਿਰ ਉਸੇ ਰਫ਼ਤਾਰ ਨਾਲ ਸ਼ੁਰੂ ਹੋ ਜਾਂਦਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਗੋਰਖਧੰਦਾ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ | ਖੇਤਰ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਤੋਂ ਮੰਗ ਕੀਤੀ ਹੈ ਕਿ ਨਾਜਾਇਜ਼ ਮਾਈਨਿੰਗ ਦੇ ਧੰਦੇ ਨਾਲ ਜੁੜੇ ਵਿਅਕਤੀਆਂ ਤੋਂ ਇਲਾਵਾ ਸੰਬੰਧਤ ਪੁਲਿਸ ਅਧਿਕਾਰੀਆਂ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ | ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧ ਵਿਚ ਥਾਣਾ ਮਾਜਰੀ ਦੇ ਐਸ. ਐਚ. ਓ. ਯੋਗੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਮਾਈਨਿੰਗ ਹੋ ਰਹੀ ਹੈ ਤਾਂ ਉਹ ਹੁਣੇ ਆਪਣੇ ਮੁਲਾਜ਼ਮ ਭੇਜ ਕੇ ਇਸ ਦੀ ਜਾਂਚ ਕਰਵਾ ਰਹੇ ਹਨ, ਜਦਕਿ ਮਾਈਨਿੰਗ ਵਿਭਾਗ ਦੇ ਐਸ. ਡੀ. ਓ. ਸ਼ੁਭਮ ਗੋਇਲ ਵਲੋਂ ਫ਼ੋਨ ਨਾ ਚੁੱਕੇ ਜਾਣ ਕਾਰਨ ਸੰਪਰਕ ਨਹੀਂ ਹੋ ਸਕਿਆ |

ਪਿਛਲੀ ਖ਼ਬਰ ਕਸ਼ੇਤਰੀਆ ਪੰਜਾਬ ਖਾਦੀ ਮੰਡਲ ਖਰੜ ਨੇ ਮੁੱਖ ਮੰਤਰੀ ਰਾਹਤ ਫ਼ੰਡ ਲਈ 51 ਹਜ਼ਾਰ ਦਾ ਚੈੱਕ ਐਸ. ਡੀ. ਐਮ. ਨੂੰ ਸੌਂਪਿਆ... ਅਗਲੀ ਖ਼ਬਰ 'ਦਾੜੀ-ਮੁੱਛਾਂ' 'ਤੇ ਟਿੱਪਣੀ ਨੂੰ ਕੇ ਵਿਧਾਇਕ ਰੰਧਾਵਾ ਖ਼ਿਲਾਫ਼ ਕਾਂਗਰਸੀ ਵਰਕਰਾਂ ਨੇ ਸੱਦੀ ਪ੍ਰੈੱਸ ਕਾਨਫ਼ਰੰਸ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।