ਐੱਸ.ਏ.ਐੱਸ. ਨਗਰ, 20 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਸੈਕਟਰ-68 'ਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸੰਨਸਨੀ ਫੈਲ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਸ਼ਾਮ ਨੂੰ ਇਕ ਰਾਹਗੀਰ ਨੇ ਲਾਰੈਂਸ ਸਕੂਲ ਨੇੜਲੇ ਖਾਲੀ ਪਲਾਟ ਵਿਚ ਇਕ ਵਿਅਕਤੀ ਨੂੰ ਬਿਨਾਂ ਕੋਈ ਹਰਕਤ ਕੀਤੇ ਲੇਟੇ ਹੋਏ ਦੇਖਿਆ ਅਤੇ ਜਦੋਂ ਉਸ ਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਉਸ ਨੂੰ ਪਤਾ ਚਲਿਆ ਕਿ ਉਸ ਦੀ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਲਾਸ਼ ਵੀ ਕਾਫ਼ੀ ਹੱਦ ਤੱਕ ਸੜ ਚੁੱਕੀ ਹੈ ਕਿਉਂਕਿ ਲਾਸ਼ 'ਚੋਂ ਕਾਫੀ ਬਦਬੂ ਆ ਰਹੀ ਸੀ | ਇਸ ਤੋਂ ਬਾਅਦ ਉਸ ਨੇ ਸੰਬੰਧਤ ਕੌਂਸਲਰ ਨਾਲ ਸੰਪਰਕ ਕਰਕੇ ਇਸ ਬਾਰੇ ਸੂਚਨਾ ਦਿੱਤੀ | ਇਸ ਉਪਰੰਤ ਥਾਣਾ ਫੇਜ਼-8 ਦੀ ਪੁਲਿਸ ਨੂੰ ਸੂਚਨਾ ਮਿਲਣ 'ਤੇ ਐੱਸ.ਐੱਚ.ਓ. ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਜਾਇਜ਼ਾ ਲਿਆ ਅਤੇ ਫੋਰੈਂਸਿਕ ਟੀਮ ਨੂੰ ਸੱਦ ਕੇ ਮੌਕੇ ਤੋਂ ਨਮੂਨੇ ਇਕੱਤਰ ਕੀਤੇ | ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਮੌਜੂਦ ਵਿਅਕਤੀਆਂ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ | ਪੁਲਿਸ ਵਲੋਂ ਮਿ੍ਤਕ ਦੀ ਉਮਰ ਕਰੀਬ 40-45 ਸਾਲ ਦੱਸੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ | ਲਾਸ਼ ਕੋਲੋਂ ਪੁਲਿਸ ਨੂੰ ਕੋਈ ਸ਼ਨਾਖ਼ਤੀ ਕਾਰਡ ਆਦਿ ਵੀ ਨਹੀਂ ਬਰਾਮਦ ਹੋਇਆ, ਜਿਸ ਕਾਰਨ ਪੁਲਿਸ ਨੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ | ਫ਼ਿਲਹਾਲ ਉਕਤ ਵਿਅਕਤੀ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪੁਲਿਸ ਵਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ |