ਚੰਡੀਗੜ੍ਹ, 20 ਸਤੰਬਰ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ਦੇ ਵੋਟ ਚੋਰੀ ਦੇ ਦੋਸ਼ਾਂ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਲੋਕਤਾਂਤਰਿਕ ਅਦਾਰਿਆਂ ਦੇ ਬਾਰੇ ਵਿਚ ਝੂਠ ਗੁਮਰਾਹ ਕਰ ਕੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੇ ਹਨ | ਉਨ੍ਹਾਂ ਦੇ ਚੋਣ ਕਮਿਸ਼ਨ 'ਤੇ ਲਗਾਏ ਗਏ ਦੋਸ਼ ਝੂਠ ਅਤੇ ਗੁਮਰਾਹ ਕਰਨ ਵਾਲੇ ਹਨ | ਉਹ ਵਾਰ-ਵਾਰ ਬਿਨਾ ਤਿਆਰੀ ਦੇ ਜਨਤਾ ਦੇ ਸਾਹਮਣੇ ਆਉਂਦੇ ਹਨ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੀ ਗੱਲਾਂ ਕਰਦੇ ਹਨ | ਵਾਰ-ਵਾਰ ਝੂਠੇ ਦੋਸ਼ ਲਗਾਉਣ ਅਤੇ ਫਿਰ ਭੱਜ ਜਾਣਾ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਆਦਤ ਬਣ ਗਈ ਹੈ | ਅੱਜ ਕਾਂਗਰਸ ਖੋਖਲੀ ਹੋ ਚੁੱਕੀ ਹੈ, ਕਾਂਗਰਸ 'ਤੇ ਜਨਤਾ ਨੂੰ ਭਰੋਸਾ ਨਹੀਂ ਰਿਹਾ | ਮੁੱਖ ਮੰਤਰੀ ਅੱਜ ਇਕ ਆਯੋਜਿਤ ਪ੍ਰੈਸ ਕਾਨਫਰੈਂਸ ਨੂੰ ਸੰਬੋਧਿਤ ਕਰ ਰਹੇ ਸਨ | ਨਾਇਬ ਸਿੰਘ ਸੈਣੀ ਨੇ ਕਿਹਾ ਕਿ ਘੁਸਪੈਠੀਆਂ ਅਤੇ ਸ਼ਹਿਰੀ ਨਕਸਲੀਆਂ ਨੂੰ ਬਚਾਉਣ ਲਈ ਹੀ ਰਾਹੁਲ ਗਾਂਧੀ ਅਤੇ ਕਾਂਗਰਸ ਝੂਠ ਅਤੇ ਨਿਰਾਧਾਰ ਦੋਸ਼ ਲਗਾ ਰਹੀ ਹੈ | ਕਾਂਗਰਸ ਦਾ ਇਕਲੌਤਾ ਉਦੇਸ਼ ਲੋਕਤੰਤਰ ਵਿਚ ਭਰੋਸਾ ਨੰੂ ਤੋੜਨਾ, ਅਸ਼ਾਂਤੀ ਪੈਦਾ ਕਰਨਾ ਅਤੇ ਭਾਰਤ ਨੂੰ ਅਸਥਿਰ ਕਰਨਾ ਹੈ | ਭਾਜਪਾ ਸਰਕਾਰ ਲੋਕਤੰਤਰ ਦੀ ਰੱਖਿਆ ਕਰਦੀ ਹੈ ਅਤੇ ਕਾਂਗਰਸ ਘੁਸਪੈਠੀਆਂ ਨੂੰ | ਮੁੱਖ ਮੰਤਰੀ ਨੇ ਤੱਥ ਰੱਖਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ 2023 ਦੇ ਕਰਨਾਟਕ ਵਿਧਾਨਸਭਾ ਚੋਣਾਂ ਦੇ ਵੋਟਰ ਸੂਚੀ ਮਾਮਲੇ ਨੂੰ ਮੌਜੂਦਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਜੋੜ ਦਿੱਤਾ, ਜਦੋਂ ਕਿ ਤੇ ਫਰਵਰੀ 2025 ਵਿਚ ਨਿਯੁਕਤ ਹੋਏ ਸਨ | ਆਖਿਰ ਰਾਹੁਲ ਗਾਂਧੀ 2023 ਦੀ ਘਟਨਾ ਦਾ ਦੋਸ਼ ਮੌਜੂਦਾ ਮੁੱਖ ਸਕੱਤਰ ਕਮਿਸ਼ਨਰ 'ਤੇ ਕਿਉਂ ਲਗਾ ਰਹੇ ਹਨ | ਜਿੱਥੇ ਤੱਕ ਕਰਨਾਟਕ ਦੇ ਆਲੰਦ ਵਿਧਾਨਸਭਾ ਖੇਤਰ ਦੀ ਗੱਲ ਹੈ, ਜਿਸ ਦਾ ਹਵਾਲਾ ਉਹ ਦੇ ਰਹੇ ਹਨ, ਉੱਥੋਂ 2023 ਵਿਚ ਕਾਂਗਰਸ ਜਿੱਤੀ ਸੀ | ਉਹ ਸੱਚ ਨੂੰ ਤੋੜ-ਮਰੋੜ ਕੇ ਪੇਸ਼ ਕਰ ਜਨਤਾ ਨੂੰ ਗੁਮਰਾਹ ਕਰ ਰਹੇ ਹਨ | ਇਸ ਮਾਮਲੇ ਵਿਚ ਪਹਿਲਾਂ ਹੀ ਐਫ.ਆਈ.ਆਰ ਦਰਜ ਹੋ ਚੁੱਕੀ ਹੈ | ਚੋਣ ਕਮਿਸ਼ਨ ਨੇ ਉਪਯੋਗ ਕੀਤੇ ਗਏ ਮੋਬਾਈਲ ਨੰਬਰ ਅਤੇ ਆਈ.ਪੀ ਪਤੇ ਵੀ ਉਪਲਬਧ ਕਰਾਏ ਸਨ | ਇਸ ਦੀ ਜਾਂਚ ਕਰਨਾਟਕ ਵਿਚ ਕਾਂਗਰਸ ਦੀ ਹੀ ਸਰਕਾਰ ਦੀ ਸੀ.ਆਈ.ਡੀ ਕਰ ਰਹੀ ਹੈ | ਉਨ੍ਹਾਂ ਨੇ ਸਵਾਲਿਆ ਅੰਦਾਜ ਵਿਚ ਕਿਹਾ ਕਿ ਕੀ ਰਾਹੁਲ ਗਾਂਧੀ ਨੂੰ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਜਾਂਚ 'ਤੇ ਭਰੋਸਾ ਨਹੀਂ ਹੈ | ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਲੋਕਤੰਤਰ ਬਣਾਉਣਾ ਉਨ੍ਹਾਂ ਦਾ ਕੰਮ ਨਹੀਂ ਹੈ, ਸਗੋਂ ਉਨ੍ਹਾਂ ਦਾ, ਕਾਂਗਰਸ ਪਾਰਟੀ ਅਤੇ ਇੰਡੀਆ ਗੱਠਜੋੜ ਦਾ ਕੰਮ ਭਾਜਪਾ ਦਾ ਵਿਰੋਧ ਕਰਨਾ ਹੈ | ਇਹ ਇੱਕ ਹੀ ਲਾਇਨ ਉਨ੍ਹਾਂ ਦੀ ਅਸਲੀ ਮੰਸ਼ਾ ਨੂੰ ਉਜਾਗਰ ਕਰਨ ਲਈ ਕਾਫੀ ਹੈ | ਰਾਹੁਲ ਗਾਂਧੀ ਦੇ ਸਾਰੇ ਝੂਠੇ ਦਾਅਵਿਆਂ ਨੂੰ ਭਾਰਤੀ ਚੋਣ ਕਮਿਸ਼ਨ ਨੇ ਵੀ ਪ੍ਰੈਸ ਕਾਨਫਰਾੈਸ ਕਰ ਕੁੱਝ ਹੀ ਮਿੰਟਾਂ ਵਿਚ ਖਾਰਜ ਕੀਤੇ ਹਨ | ਚੋਣ ਕਮਿਸ਼ਨ ਦਾ ਸਪਸ਼ਟ ਜਵਾਬ ਹੈ ਕਿ ਰਾਹੁਲ ਗਾਂਧੀ ਵੱਲੋਂ ਲਗਾਏ ਗਏ ਦੋਸ਼ ਗ਼ਲਤ ਅਤੇ ਨਿਰਾਧਾਰ ਹਨ | ਮੁੱਖ ਮੰਤਰੀ ਨੇ ਕਿਹਾ ਕਿ ਅਲੰਦ ਵਿਧਾਨਸਭਾ ਸੀਟ ਦੇ ਰਿਕਾਰਡ ਦੱਸਦੇ ਹਨ ਕਿ 2023 ਵਿਚ ਕਾਂਗਰਸ ਦੇ ਬੀ.ਆਰ. ਪਾਟਿਲ ਨੇ 10,348 ਵੋਟਾਂ ਦੇ ਵੱਡੇ ਅੰਤਰ ਨਾਲ ਇਸ ਨੂੰ ਜਿੱਤਿਆ ਸੀ | ਇਹ ਦੱਸਦਾ ਹੈ ਕਿ ਵੋਟਰਾਂ ਦੇ ਨਾਮ ਹਟਾਉਣ ਦੀ ਸਾਜਿਸ਼ ਦੇ ਦੋਸ਼ ਨਿਰਾਧਾਰ ਹਨ, ਜੋ ਸੀਟ ਕਾਂਗਰਸ ਨੇ 2018 ਤੱਕ ਕਮੀ ਨਹੀਂ ਜਿੱਤੀ ਸੀ, ਅਚਾਨਕ ਕਾਂਗਰਸ ਦੇ ਕੋਲ ਚਲੀ ਗਈ | ਕੀ ਇਸ ਦਾ ਮਤਲਬ ਹੈ ਕਿ ਕਾਂਗਰਸ ਨੇ ਵੋਟ ਚੋਰੀ ਕੀਤੀ ਸੀ | ਉਨ੍ਹਾਂ ਨੇ ਕਿਹਾ ਕਿ ਚੋਣ ਆਨਲਾਈਨ ਜਿੱਤੇ ਜਾਂ ਹਾਰੇ ਨਹੀਂ ਜਾ ਸਕੇ | ਆਨਲਾਇਨ ਸਿਰਫ਼ ਝੂਠ ਫੈਲਾਇਆ ਜਾ ਸਕਦਾ ਹੈ, ਝੂਠੀ ਗੱਲਾ ਕੀਤੀਆਂ ਜਾ ਸਕਦੀਆਂ ਹਨ ਅਤੇ ਗ਼ਲਤ ਪ੍ਰਚਾਰ ਕੀਤਾ ਜਾ ਸਕਦਾ ਹੈ, ਜਿਸ ਵਿਚ ਰਾਹੁਲ ਗਾਂਧੀ, ਕਾਂਗਰਸ ਪਾਰਟੀ ਅਤੇ ਇੰਡੀਆ ਗੱਠਜੋੜ ਮਾਹਿਰ ਹੈ |