ਨੰਗਲ, 30 ਅਗਸਤ (ਪ੍ਰੀਤਮ ਸਿੰਘ ਬਰਾਰੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਲਈ ਦਫਤਰਾਂ ਵਿਚ ਆਉਣ ਜਾਣ ਦੀ ਖੱਜਲ ਖੁਆਰੀ ਖਤਮ ਕਰਨ ਲਈ ਸੇਵਾ ਕੇਂਦਰਾਂ ਵਿਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਇਸ ਦੇ ਨਾਲ ਹੀ ਕੈਬਨਿਟ ਮੰਤਰੀ ਹਰਜੋਤ ਬੈਂਸ ਵਲੋਂ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾ ਦਾ ਨਿਪਟਾਰਾ ਕਰਨ ਲਈ ਪਿਛਲੇ ਸਾਢੇ ਤਿੰਨ ਸਾਲਾ ਦੌਰਾਨ ਵਿਆਪਕ ਮੁਹਿੰਮ ਆਰੰਭ ਕੀਤੀ ਹੋਈ ਹੈ | ਪਹਿਲਾ ਸਾਡਾ ਐਮ.ਐਲ.ਏ. ਸਾਡੇ ਵਿਚ ਪ੍ਰੋਗਰਾਮ ਅਤੇ ਸਰਕਾਰ ਤੁਹਾਡੇ ਦੁਆਰ ਤਹਿਤ ਕੈਬਨਿਟ ਮੰਤਰੀ ਨਿਰੰਤਰ ਪਿੰਡਾਂ ਦੀਆਂ ਸਾਂਝੀਆਂ ਸੱਥਾਂ ਵਿਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਰਹੇ ਹਨ | ਹਫਤਾਵਾਰੀ ਜਨਤਾ ਦਰਬਾਰ ਇਸ ਮੁਹਿੰਮ ਵਿਚ ਕਾਰਗਰ ਸਿੱਧ ਹੋਏ ਹਨ | ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ ਨੇ ਦੱਸਿਆ ਕਿ ਐਤਵਾਰ ਨੂੰ ਨੰਗਲ ਵਿਖੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵਲੰਟੀਅਰ ਦੀ ਤਰ੍ਹਾਂ ਕੰਮ ਕਰਦੇ ਹਨ, ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਪਿੰਡਾਂ ਦੇ ਲੋਕਾਂ ਦੀਆਂ ਸਾਝੀਆਂ ਸਮੱਸਿਆਵਾਂ ਪੰਚਾਇਤਾਂ ਦੇ ਕੰਮ, ਸਮਾਜਿਕ, ਧਾਰਮਿਕ ਸੰਗਠਨਾਂ ਦੀਆਂ ਯੋਗ ਮੰਗਾਂ ਅਤੇ ਲੋਕਾਂ ਦੇ ਨਿੱਜੀ ਕੰਮ ਪਹਿਲਾ ਦੇ ਅਧਾਰ ਤੇ ਕਰਵਾਉਦੇ ਹਨ | ਇਸ ਜਨਤਾ ਦਰਬਾਰ ਵਿਚ ਜਿੱਥੇ ਬਜ਼ੁਰਗ ਵੱਡੀ ਗਿਣਤੀ ਵਿਚ ਪਹੁੰਚਦੇ ਹਨ, ਉਥੇ ਵੱਡੀ ਗਿਣਤੀ ਵਿਦਿਆਰਥੀ ਵੀ ਨੌਜਵਾਨ ਕੈਬਨਿਟ ਮੰਤਰੀ ਨਾਲ ਵਿਚਾਰ ਵਟਾਂਦਰਾ ਕਰਦੇ ਹਨ | ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਨਾਲ ਨਾਲ ਬੈਂਸ ਜਿਲ੍ਹੇ ਦੇ ਅਧਿਕਾਰੀਆਂ ਜਾਂ ਹੋਰ ਉੱਚ ਅਧਿਕਾਰੀਆਂ ਨੂੰ ਮੌਕੇ ਤੇ ਹੀ ਨਿਰਦੇਸ਼ ਦਿੰਦੇ ਹਨ ਅਤੇ ਸਮੱਸਿਆਵਾ ਹੱਲ ਕਰਵਾਉਦੇ ਹਨ | ਉਨ੍ਹਾਂ ਕਿਹਾ ਕਿ ਅੱਜ 31 ਅਗਸਤ ਨੂੰ ਨੰਗਲ ਵਿਚ ਹਰ ਐਤਵਾਰ ਦੀ ਤਰ੍ਹਾਂ ਇਸ ਵਾਰ ਵੀ ਹਫਤਾਵਾਰੀ ਜਨਤਾ ਦਰਬਾਰ 2 ਆਰਵੀਆਰ 'ਚ ਲੱਗ ਰਿਹਾ ਹੈ | ਹਲਕੇ ਦੇ ਲੋਕ ਆਪਣੀਆਂ ਮੁਸ਼ਕਿਲਾਂ ਲੈ ਕੇ ਮਾਣਯੋਗ ਮੰਤਰੀ ਜੀ ਕੋਲ ਪਹੁੰਚਣ ਅਤੇ ਹੱਲ ਕਰਵਾਉਣ | ਉਨ੍ਹਾਂ ਨੇ ਦੱਸਿਆ ਕਿ ਨੰਗਲ 2 ਆਰਵੀਆਰ ਨੂੰ ਇਸ ਇਲਾਕੇ ਵਿਚ ਸੇਵਾ ਸਦਨ ਵੱਜੋਂ ਜਾਣਿਆ ਜਾਦਾ ਹੈ, ਜਿੱਥੇ ਲੋਕਾਂ ਨੂੰ ਸੇਵਾ ਦੀ ਭਾਵਨਾ ਦਾ ਅਹਿਸਾਸ ਹੁੰਦਾ ਹੈ |