ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਦੇ ਵਾਰਡ ਨੰਬਰ 6, 7 ਅਤੇ 15 ਦੇ ਨਿਵਾਸੀਆਂ ਨੇ ਕੌਂਸਲਰ ਮੋਹਿਤ ਸ਼ਰਮਾ ਦੀ ਅਗਵਾਈ ਹੇਠ ਅੱਜ ਰੈਲੋ ਰੋਡ 'ਤੇ ਸੀਵਰੇਜ ਓਵਰਫਲੋ ਖ਼ਿਲਾਫ਼ ਧਰਨਾ ਲਗਾਇਆ | ਨਿਵਾਸੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸੀਵਰੇਜ ਓਵਰਫਲੋ ਹੋਣ ਕਰਕੇ ਗੰਦਗੀ ਸੜਕਾਂ 'ਤੇ ਵਹਿ ਰਹੀ ਹੈ, ਬਦਬੂ ਫੈਲ ਰਹੀ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ | ਪ੍ਰਸ਼ਾਸਨ ਅਤੇ ਨਗਰ ਕੌਂਸਲ ਵਲੋਂ ਕੋਈ ਧਿਆਨ ਨਾ ਦਿੱਤਾ ਜਾਣ ਕਾਰਨ ਉਹਨਾਂ ਨੂੰ ਧਰਨਾ ਦੇਣਾ ਪਿਆ | ਧਰਨੇ ਦੀ ਸੂਚਨਾ ਮਿਲਣ 'ਤੇ ਤਹਿਸੀਲਦਾਰ ਰੂਪਨਗਰ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ, ਐਸ.ਡੀ.ਓ. ਅਤੇ ਹੋਰ ਅਧਿਕਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ | ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਸੀਵਰੇਜ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ | ਇਸ ਮੌਕੇ ਕੌਂਸਲਰ ਮੋਹਿਤ ਸ਼ਰਮਾ ਨੇ ਕਿਹਾ ਕਿ ਲੋਕ ਲੰਬੇ ਸਮੇਂ ਤੋਂ ਪਰੇਸ਼ਾਨ ਹਨ, ਬੱਚਿਆਂ ਲਈ ਸਕੂਲ ਜਾਣਾ ਔਖਾ ਹੋ ਗਿਆ ਹੈ ਅਤੇ ਘਰਾਂ ਵਿਚ ਸੀਵਰੇਜ ਵਾਪਸ ਆਉਣ ਲੱਗ ਪਿਆ ਹੈ | ਉਨ੍ਹਾਂ ਕਿਹਾ ਕਿ ਜਿਹੜੇ ਕੰਮ ਐਮ.ਸੀ. ਪੱਧਰ 'ਤੇ ਨਹੀਂ ਹੋ ਸਕਦੇ, ਉਹ ਐਮ.ਐਲ.ਏ. ਪੱਧਰ 'ਤੇ ਕਰਨੇ ਚਾਹੀਦੇ ਹਨ, ਪਰ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ | ਇਸ ਮੌਕੇ ਕੌਂਸਲਰ ਅਸ਼ੋਕ ਵਾਹੀ, ਕੌਂਸਲਰ ਅਮਰਜੀਤ ਸਿੰਘ ਜੋਲੀ, ਕਾਂਗਰਸ ਆਗੂ ਅਮਰਜੀਤ ਸਿੰਘ ਭੁੱਲਰ, ਕਾਂਗਰਸ ਬੁਲਾਰੇ ਸੁਖਦੇਵ ਸਿੰਘ ਸਮੇਤ ਵੱਖ-ਵੱਖ ਕਲੋਨੀਆਂ ਦੇ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |