ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਚ ਖ਼ਰਾਬ ਸਫ਼ਾਈ ਪ੍ਰਬੰਧਾਂ ਕਾਰਨ ਬਣੇ ਗੰਦਗੀ ਦੇ ਢੇਰਾਂ ਨੂੰ ਦੇਖਣ ਅੱਜ ਕਾਂਗਰਸ ਦੇ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਸ਼ਹਿਰ ਦਾ ਦੌਰਾ ਕੀਤਾ | ਢਿੱਲੋਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਕਰਾਰ ਦਿੰਦੇ ਹੋਏ ਕਿਹਾ ਕਿ ਹੁਣ ਨਗਰ ਕੌਂਸਲ ਸਿੱਧੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧੀਨ ਹੈ, ਫਿਰ ਵੀ ਸ਼ਹਿਰ ਦੇ ਹਾਲਾਤ ਬੇਹੱਦ ਮਾੜੇ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਲਾਪਰਵਾਹੀ ਕਾਰਨ ਰੂਪਨਗਰ, ਜੋ ਪਹਿਲਾਂ ਸੁੰਦਰਤਾ ਲਈ ਮਸ਼ਹੂਰ ਸੀ, ਅੱਜ ਕੂੜੇ ਦੇ ਢੇਰਾਂ ਵਿਚ ਤਬਦੀਲ ਹੋ ਚੁੱਕਾ ਹੈ | ਸ਼ਹਿਰ ਦੀਆਂ ਗਲੀਆਂ, ਚੌਕਾਂ ਅਤੇ ਬਾਜ਼ਾਰਾਂ ਵਿਚ ਕੂੜਾ ਸਿਹਤ ਲਈ ਵੱਡਾ ਖ਼ਤਰਾ ਹੈ ਅਤੇ ਵਪਾਰੀਆਂ ਦੇ ਕਾਰੋਬਾਰ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ | ਹਾਲਾਂਕਿ ਇਹ ਹਾਲਾਤ ਪਿਛਲੇ ਦਿਨਾਂ ਤੋਂ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਪੈਦਾ ਹੋਏ ਹਨ | ਸਫ਼ਾਈ ਕਰਮਚਾਰੀਆਂ ਦੀ ਹੜਤਾਲ ਬਾਰੇ ਢਿੱਲੋਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਾਇਜ਼ ਮੰਗਾਂ ਤੁਰੰਤ ਮੰਨ ਕੇ ਕਰਮਚਾਰੀਆਂ ਨੂੰ ਕੰਮ 'ਤੇ ਵਾਪਸ ਲਿਆਂਦਾ ਜਾਵੇ, ਨਹੀਂ ਤਾਂ ਕਾਂਗਰਸ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰੇਗੀ | ਯਾਦ ਰਹੇ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਢਿੱਲੋਂ ਧੜੇ ਦਾ ਨਗਰ ਕੌਂਸਲ 'ਤੇ ਕਬਜ਼ਾ ਰਿਹਾ ਹੈ ਪਰ ਕਰੀਬ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੇ ਆਪਣੇ ਕੌਂਸਲਰਾਂ ਨੇ ਹੀ ਪ੍ਰਧਾਨ ਖ਼ਿਲਾਫ਼ ਸ਼ਹਿਰ ਦੇ ਵਿਕਾਸ ਵਿਚ ਅਸਫਲ ਰਹਿਣ ਦੇ ਦੋਸ਼ ਲਗਾਏ ਹਨ | ਮਾਮਲਾ ਇਸ ਸਮੇਂ ਸਥਾਨਕ ਸਰਕਾਰਾਂ ਵਿਭਾਗ ਦੇ ਹੈਡ ਆਫ਼ਿਸ ਵਿਚ ਹੈ, ਜਿੱਥੇ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤਾ ਪੈਂਡਿੰਗ ਹੈ | ਇਸ ਦਰਮਿਆਨ ਨਗਰ ਕੌਂਸਲ ਦੇ ਸਾਰੇ ਕੰਮਕਾਜ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਵਿਚ ਹਨ, ਪਰ ਹਾਲਾਤ ਇੰਝ ਹਨ ਜਿਵੇਂ ਸ਼ਹਿਰ ਲਵਾਰਸ ਛੱਡਿਆ ਗਿਆ ਹੋਵੇ | ਇਨ੍ਹਾਂ ਹਾਲਾਤਾਂ ਕਾਰਨ ਢਿੱਲੋਂ ਨੂੰ ਲੰਬੇ ਸਮੇਂ ਬਾਅਦ ਸਰਕਾਰ 'ਤੇ ਨਾਕਾਮੀ ਦੇ ਦੋਸ਼ ਲਗਾਉਣ ਦਾ ਮੌਕਾ ਮਿਲਿਆ ਹੈ | ਇਸ ਮੌਕੇ ਉਨਾਂ ਨਾਲ ਕੌਂਸਲਰ ਅਮਰਜੀਤ ਸਿੰਘ ਜੋਲੀ ਅਤੇ ਹੋਰ ਸ਼ਾਮਿਲ ਸਨ |