ਮੋਰਿੰਡਾ, 20 ਸਤੰਬਰ (ਤਰਲੋਚਨ ਸਿੰਘ ਕੰਗ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਇਕਾਈ ਦੇ ਮੈਂਬਰਾਂ ਵਲੋਂ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਅੱਜ ਧੁੱਸੀ ਬੰਨ੍ਹ ਦੇ ਨਜ਼ਦੀਕ ਵਾਲੇ ਪਿੰਡ ਮਾਛੀਵਾਲ, ਘੋਨੇਵਾਲ, ਰਾਮਦਾਸ, ਕੋਟਲੀ, ਅਜਨਾਲਾ, ਡੇਰਾ ਬਾਬਾ ਨਾਨਕ ਦੀ ਜ਼ਮੀਨੀ ਹਕੀਕਤ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਲੋਕਾਂ ਦੀਆਂ ਲੋੜਾਂ, ਹੜ੍ਹ ਨਾਲ ਹੋ ਚੁੱਕੇ ਨੁਕਸਾਨ ਨੂੰ ਆਪਣੇ ਅੱਖੀਂ ਵੇਖਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਚਲਾਕੀ ਨੇ ਦੱਸਿਆ ਕਿ ਧੁੰਸੀ ਬੰਨ ਦੇ ਨੇੜਲੇ ਇਲਾਕਿਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਜਿਸ ਨੂੰ ਠੀਕ-ਠਾਕ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਕਈ ਧਾਰਮਿਕ ਆਗੂ ਅਤੇ ਇਲਾਕੇ ਦੇ ਪਿੰਡਾਂ ਦੇ ਸਮਰੱਥ ਲੋਕੀਂ ਕੋਸ਼ਿਸ਼ਾਂ ਵਿਚ ਲੱਗੇ ਦੇਖੇ ਗਏ | ਉਹਨਾਂ ਦੱਸਿਆ ਕਿ ਉਪਰੋਕਤ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਸਰਕਾਰ ਵਲੋਂ ਉਹਨਾਂ ਨੂੰ ਕੋਈ ਜਿਆਦਾ ਮਦਦ ਨਹੀਂ ਦਿੱਤੀ ਜਾ ਰਹੀ ਸਿਰਫ ਸ਼ਾਮ ਸਮੇਂ ਕੁੱਝ ਅਧਿਕਾਰੀ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਵੇਖਣ ਜ਼ਰੂਰ ਆ ਜਾਂਦੇ ਹਨ | ਸ੍ਰੀ ਚਲਾਕੀ ਨੇ ਦੱਸਿਆ ਕਿ ਇਹਨਾਂ ਇਲਾਕਿਆਂ ਵਿਚ ਬਹੁਤ ਲੋਕਾਂ ਵਲੋਂ ਖੁੱਲ ਕੇ ਮਦਦ ਕੀਤੀ ਜਾ ਰਹੀ ਹੈ | ਬੀ.ਕੇ.ਯੂ. ਰਾਜੇਵਾਲ ਦੀ ਜ਼ਿਲ੍ਹਾ ਇਕਾਈ ਨੂੰ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਤੂੜੀ ਦੇ ਟਰੱਕਾਂ ਦੀ ਜਰੂਰਤ ਹੈ | ਇਸ ਲਈ ਜਥੇਬੰਦੀ ਵਲੋਂ ਲਗਭਗ 15 ਟਰੱਕ ਇੱਕ ਦੋ ਦਿਨਾਂ ਵਿਚ ਉੱਥੇ ਭੇਜੇ ਜਾ ਰਹੇ ਹਨ ਅਤੇ ਪਿੰਡਾਂ ਵਾਲਿਆਂ ਨੇ ਦੱਸਿਆ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਉਹਨਾਂ ਨੂੰ ਬੀਜ ਅਤੇ ਟਰੈਕਟਰਾਂ ਵਿਚ ਪਾਉਣ ਵਾਸਤੇ ਡੀਜ਼ਲ ਦੀ ਜਰੂਰਤ ਪਵੇਗੀ | ਜੋ ਜਥੇਬੰਦੀ ਵਲੋਂ ਲਗਭਗ ਦਸ ਕੁ ਲੱਖ ਦਾ ਸਮਾਨ ਬੀਜ, ਡੀਜ਼ਲ, ਡੀ.ਏ.ਪੀ. ਆਦਿ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ | ਇਸ ਮੌਕੇ ਉਹਨਾਂ ਦੇ ਨਾਲ ਪਰਮਜੀਤ ਸਿੰਘ ਅਮਰਾਲੀ, ਬਹਾਦਰ ਸਿੰਘ ਖੈਰਪੁਰ, ਗੁਰਮੇਲ ਸਿੰਘ ਰੰਗੀਆਂ, ਅਵਤਾਰ ਸਿੰਘ ਸਰਹਾਣਾ ਅਤੇ ਹਰਿੰਦਰ ਸਿੰਘ ਮਾਜਰੀ ਆਦਿ ਮੌਜੂਦ ਸਨ |