ਨੰਗਲ, 20 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਆਮ ਲੋਕ ਪ੍ਰੇਸ਼ਾਨ ਹਨ | ਸੜਕਾਂ 'ਤੇ ਖਿੱਲਰਿਆ ਕੂੜਾ ਗੰਭੀਰ ਸਮੱਸਿਆ ਬਣ ਚੁੱਕਾ ਹੈ | ਨਿਰੰਤਰ ਪੈ ਰਹੀ ਬਾਰਸ਼ ਨੇ ਵੀ ਸਥਿਤੀ ਵਿਗਾੜ ਦਿੱਤੀ ਹੈ ਕਿਉਂਕਿ ਕੂੜਾ ਪਾਣੀ ਨਾਲ ਵਹਿ ਕੇ ਗਲੀਆਂ ਤੱਕ ਪਹੁੰਚ ਗਿਆ ਹੈ, ਕੁੜਾਦਾਨ ਪਹਿਲਾਂ ਹੀ ਭਰੇ ਹੋਏ ਹਨ | ਲੋਕਾਂ ਦੇ ਘਰਾਂ 'ਚ ਵੀ ਕਾਫ਼ੀ ਕੂੜਾ ਜਮਾ ਹੋ ਗਿਆ ਹੈ, ਕਿਉਂਕਿ ਕੂੜੇ ਵਾਲੀ ਗੱਡੀ ਵੀ ਨਹੀਂ ਆ ਰਹੀ | ਉੱਘੇ ਯੂਨੀਅਨ ਆਗੂ ਲਲਿਤ ਕੁਮਾਰ, ਯੋਧਾ ਸਿੰਘ, ਕੁਸ਼ਲ ਕੁਮਾਰ ਆਦਿ ਨੇ ਦੱਸਿਆ ਕਿ ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਸਾਨੂੰ ਰੈਗੂਲਰ ਕਰਨ ਦੀ ਥਾਂ ਠੇਕਾ ਪ੍ਰਣਾਲੀ ਨੂੰ ਹਲਾਸ਼ੇਰੀ ਦੇ ਰਹੀ ਹੈ | ''ਝਾੜੂ ਸਰਕਾਰ'' ਨੇ ਚੋਣਾਂ ਸਮੇਂ ਸਾਡੇ ਨਾਲ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਵਾਅਦੇ ਤੋਂ ਭੱਜ ਕੇ ਦਿੱਲੀ ਦੀ ਇੱਕ ਫਰਮ ਨੂੰ ਸਫਾਈ ਠੇਕਾ ਦੇ ਰਹੀ ਹੈ | ਨੰਗਲ ਨਗਰ ਕੌਂਸਲ ਦੇ ਸਫ਼ਾਈ ਅੰਬੈਸਡਰ ਡਾ. ਗੁਲਜੀਤ ਸਿੰਘ ਚੱਠਾ ਨੇ ਕਿਹਾ ਕਿ ਸੜਕਾਂ 'ਤੇ ਖਿੱਲਰਿਆ ਕੂੜਾ ਗੰਭੀਰ ਸਮੱਸਿਆ ਹੈ ਅਤੇ ਬਿਮਾਰੀ ਫੈਲਣ ਦਾ ਖਦਸ਼ਾ ਹੈ | ਨਿਧੱੜਕ ਭਾਜਪਾ ਆਗੂ ਸੁਰਿੰਦਰ ਸ਼ਰਮਾ ਅਤੇ ਆਰ.ਟੀ.ਆਈ. ਕਾਰਕੁਨ ਯੋਗੇਸ਼ ਸੱਚਦੇਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਹੜਤਾਲ ਤੁਰੰਤ ਖਤਮ ਕਰਵਾਈ ਜਾਵੇ | ਜੇ ਸਰਕਾਰ ਸਫਾਈ ਸੇਵਕ ਰੈਗੂਲਰ ਨਹੀਂ ਹੋ ਸਕਦੇ ਤਾਂ ਘੱਟੋ ਘੱਟ ਤਨਖ਼ਾਹ ਵਧਾ ਕੇ 25000/ ਕੀਤੀ ਜਾਵੇ | ਮਹਿੰਗਾਈ ਦੇ ਦੌਰ 'ਚ 10000/ ਰੁਪਏ ਤਨਖ਼ਾਹ ਤਰਕਸੰਗਤ ਨਹੀਂ |