ਨੂਰਪੁਰ ਬੇਦੀ, 20 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੂਰਪੁਰ ਬੇਦੀ ਵਿਚ ਦੂਜੇ ਕੂੜੇ ਦੇ ਡੰਪ ਨੂੰ ਚੁਕਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਵਿਧਾਇਕ ਚੱਢਾ ਨੇ ਦੱਸਿਆ ਕਿ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਦੇ ਸਾਹਮਣੇ ਲੰਬੇ ਸਮੇਂ ਤੋਂ ਜਮਿਆ ਹੋਇਆ ਕੂੜਾ ਨਾ ਸਿਰਫ਼ ਇਸ ਸਲਮ ਖੇਤਰ ਵਿਚ ਰਹਿਣ ਵਾਲੇ ਲੋਕਾਂ ਲਈ ਬਿਮਾਰੀਆਂ ਦਾ ਖ਼ਤਰਾ ਬਣਦਾ ਸੀ, ਬਲਕਿ ਹੋਰ ਸ਼ਹਿਰ ਵਾਸੀਆਂ ਅਤੇ ਸੰਗਤਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਕਾਰਵਾਈ ਲਈ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ, ਜੋ ਕਿ ਕੂੜੇ ਨੂੰ ਵੱਖ-ਵੱਖ ਸ਼੍ਰੇਣੀਆਂ ਵਿਚ ਪ੍ਰਬੰਧਿਤ ਕਰਕੇ ਰੀਸਾਈਕਲਿੰਗ ਕਰੇਗੀ | ਵਿਧਾਇਕ ਨੇ ਕਿਹਾ ਕਿ ਭਵਿੱਖ ਵਿਚ ਨੂਰਪੁਰ ਬੇਦੀ ਸ਼ਹਿਰ ਵਿਚ ਕੂੜੇ ਦਾ ਜਮਾਵੜਾ ਨਾ ਹੋਵੇ, ਇਸ ਲਈ ਸ਼ਹਿਰ ਵਿਚ ਇੱਕ ਵੱਡੇ ਪੱਧਰ ਤੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ | ਇਹ ਪਲਾਂਟ ਸ਼ਹਿਰ ਦੀ ਸਫ਼ਾਈ ਅਤੇ ਵਾਤਾਵਰਨ ਦੀ ਸਵੱਛਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਵਿਧਾਇਕ ਚੱਢਾ ਨੇ ਕਿਹਾ ਕਿ ਕੂੜੇ ਦੀ ਸਮੱਸਿਆ ਨੂੰ ਰੋਕਣ ਲਈ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਜ਼ਰੂਰਤ ਹੈ | ਇਸ ਮੌਕੇ ਸਮੂਹ ਪਿੰਡ ਵਾਸੀਆਂ, ਪੰਚਾਇਤ ਮੈਂਬਰਾਂ ਅਤੇ ਲੋਕ ਪ੍ਰਤਿਨਿਧੀਆਂ ਵਲੋਂ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਕੰਮ ਨਾਲ ਨਾ ਸਿਰਫ਼ ਸਿਹਤ ਸੰਬੰਧੀ ਸਮੱਸਿਆਵਾਂ ਘਟਣਗੀਆਂ, ਬਲਕਿ ਸ਼ਹਿਰ ਦੀ ਦਿਖ ਸੁੰਦਰ ਅਤੇ ਸਫ਼ਾਈ ਯੋਗ ਬਣੇਗੀ | ਇਸ ਪ੍ਰਕਿਰਿਆ ਨਾਲ ਸ਼ਹਿਰ ਸਾਫ਼-ਸੁਥਰਾ ਅਤੇ ਆਧੁਨਿਕ ਸ਼ਹਿਰੀ ਪ੍ਰਬੰਧਨ ਦੇ ਮਾਪਦੰਡਾਂ ਦੇ ਅਨੁਕੂਲ ਹੋਵੇਗਾ | ਇਸ ਮੌਕੇ ਦੇਸ ਰਾਜ ਸੈਣੀ, ਸਰਪੰਚ ਨਿਰਮਲਾ ਦੇਵੀ, ਜਰਨੈਲ ਸਿੰਘ ਲਾਲੀ, ਪੰਚ ਹੈਪੀ ਭੰਗਲ, ਗੋਰਵ ਪੁਰੀ, ਰਜੀਵ ਮਾਲੀਆ, ਰਾਮ ਪ੍ਰਸਾਦ ਪਾਲੀ, ਪੰਚ ਨਵੀਨ ਵਸ਼ਿਸ਼ਟ, ਸਮੁੱਚੀ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |