ਤਰਸਿੱਕਾ, 29 ਅਗਸਤ (ਅਤਰ ਸਿੰਘ ਤਰਸਿੱਕਾ)-ਪੰਜਾਬ ਸਰਕਾਰ ਵਲੋਂ ਬਲਾਕ ਤਰਸਿੱਕਾ ਨੂੰ ਖਤਮ ਕਰਨ ਦੇ ਫ਼ੈਸਲੇ ਨੇ ਲੋਕਾਂ ਦੇ ਗੁੱਸੇ ਨੂੰ ਭੜਕਾ ਦਿੱਤਾ ਹੈ | 'ਬਲਾਕ ਤਰਸਿੱਕਾ ਬਚਾਓ ਮੋਰਚੇ' ਵਲੋਂ ਦਿੱਤੇ ਗਏ ਅਲਟੀਮੇਟਮ ਦੀ ਮਿਆਦ ਖਤਮ ਹੋਣ ਤੋਂ ਬਾਅਦ, ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਤੇਜ਼ ਕਰ ਦਿੱਤੇ ਹਨ | ਇਸ ਵਿਰੋਧ ਤਹਿਤ, ਦੋਵਾਂ ਆਗੂਆਂ ਦੇ ਪਿੰਡਾਂ 'ਚ ਪੁਤਲੇ ਫੂਕੇ ਗਏ | ਪਿੰਡ ਸ਼ਾਹਪੁਰ, ਸੰਗਰਾਂਵਾ ਅਤੇ ਰਸੂਲਪੁਰ ਖੁਰਦ ਸਮੇਤ ਕਈ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨ ਵਿਚ ਪਿੰਡ ਤਰਸਿੱਕਾ, ਕੋਟ ਖਹਿਰਾ, ਮਾਲੋਵਾਲ, ਡੇਅਰੀਵਾਲ, ਸਰਜਾ, ਯੋਧਾਨਗਰੀ, ਅਤੇ ਜੱਬੋਵਾਲ ਦੇ ਮੌਜੂਦਾ ਅਤੇ ਸਾਬਕਾ ਪੰਚਾਂ-ਸਰਪੰਚਾਂ ਸਮੇਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ, ਆਗੂਆਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਲੋਕਤੰਤਰ ਵਿਰੋਧੀ ਅਤੇ ਤਾਨਾਸ਼ਾਹੀ ਦੱਸਿਆ | ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਪਿੰਡਾਂ ਦੇ ਲੋਕਾਂ ਨਾਲ ਸਿੱਧਾ ਧੱਕਾ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਬਲਾਕ ਤਰਸਿੱਕਾ ਨੂੰ ਬਹਾਲ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੀਆਂ ਬਲਾਕ ਸਮਿਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਤੇ ਹਰਭਜਨ ਸਿੰਘ ਈ.ਟੀ.ਓ. ਦਾ ਬਾਈਕਾਟ ਕੀਤਾ ਜਾਵੇਗਾ | ਇਸ ਤੋਂ ਇਲਾਵਾ, ਲੋਕਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਗਿਆ ਕਿ ਜੇਕਰ ਹੁਣ ਸਰਕਾਰ ਨੂੰ ਨਾ ਰੋਕਿਆ ਗਿਆ, ਤਾਂ ਬਾਕੀ ਸਰਕਾਰੀ ਦਫਤਰ ਵੀ ਤਰਸਿੱਕਾ ਤੋਂ ਚਲੇ ਜਾਣਗੇ | ਆਗੂਆਂ ਨੇ ਕਿਹਾ ਕਿ ਉਹ ਆਪਣੇ ਹੱਕਾਂ ਲਈ ਲੜਨਾ ਜਾਰੀ ਰੱਖਣਗੇ ਅਤੇ ਬਲਾਕ ਤਰਸਿੱਕਾ ਬਣਾਉਣ ਵਾਲੇ ਆਪਣੇ ਬਜ਼ੁਰਗਾਂ ਦੇ ਸੰਘਰਸ਼ ਨੂੰ ਅਜਾਈਾ ਨਹੀਂ ਜਾਣ ਦੇਣਗੇ |