ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ. ਇਕਬਾਲ ਸਿੰਘ ਚੇਤਨਪੁਰਾ ਅਤੇ ਜਨਰਲ ਸਕੱਤਰ ਜੋਗਿੰਦਰ ਮਸੀਹ ਦੀ ਸਾਂਝੀ ਅਗਵਾਈ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਸੂਬਾ ਐਕਟਿੰਗ ਤੇ ਜ਼ਿਲ੍ਹਾ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ ਸਮੇਤ ਵੱਡੀ ਗਿਣਤੀ ਵਿਚ ਆਰ.ਐੱਮ.ਪੀ. ਡਾਕਟਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਐਕਟਿੰਗ ਤੇ ਜ਼ਿਲ੍ਹਾ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਆਏ ਭਿਆਨਕ ਹੜ੍ਹਾਂ ਨਾਲ ਜਿੱਥੇ ਕਿਸਾਨਾਂ ਦੀਆਂ ਪੂਰੀ ਤਰ੍ਹਾਂ ਪੱਕੀਆਂ ਫ਼ਸਲਾਂ ਪਾਣੀ ਦੀ ਭੇਟ ਚੜ ਗਈਆਂ, ਉੱਥੇ ਹੀ ਕਈ ਘਰ ਵੀ ਪੂਰੀ ਤਰ੍ਹਾਂ ਢਹਿ ਗਏ ਹਨ | ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਲਏ ਫ਼ੈਸਲੇ ਅਨੁਸਾਰ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨਾਲ ਸੰਬੰਧਿਤ ਸਾਰੇ ਆਰ.ਐੱਮ.ਪੀ. ਡਾਕਟਰ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋੜਵੰਦ ਲੋਕਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਮੁਹੱਈਆ ਕਰਵਾਉਣਗੇ | ਇਸ ਮੌਕੇ ਡਾ. ਪਿ੍ਥੀਪਾਲ ਸਿੰਘ ਚਮਿਆਰੀ, ਨਿਖਿਲ ਮਸੀਹ, ਗੁਰਭੇਜ ਸਿੰਘ ਬਾਠ, ਜੰਗਬਹਾਦਰ ਮੋਹਨ ਭੰਡਾਰੀਆ, ਬਲਵੰਤ ਸਿੰਘ ਬਲੜ੍ਹਵਾਲ, ਮਨਜੀਤ ਸਿੰਘ ਬਲੜ੍ਹਵਾਲ, ਦਵਿੰਦਰ ਸਿੰਘ ਸਰਾਏ, ਗੁਰਵਿੰਦਰ ਸਿੰਘ ਖ਼ਤਰਾਏ ਕਲਾਂ, ਹੀਰਾ ਮਸੀਹ, ਦੀਪਕ ਕੁਮਾਰ ਅਜਨਾਲਾ, ਸੰਦੀਪ ਸਿੰਘ ਆਦਿ ਹਾਜ਼ਰ ਸਨ |