ਚੋਗਾਵਾਂ, 20 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਭਾਰਤ ਵਾਸੀਆਂ ਦੀ ਆਨ ਤੇ ਸ਼ਾਨ ਲਈ ਕੈਨੇਡਾ ਦੀ ਧਰਤੀ ਤੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਵਿਚ ਬਣਿਆ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਆਪਣੇ ਆਖਰੀ ਸਾਹ ਗਿਣ ਰਿਹਾ ਸੀ | ਇਹ ਖੇਡ ਗਰਾਊਾਡ ਸੱਪਾਂ ਦਾ ਰਹਿਣ ਬਸੇਰਾ ਬਣੀ ਹੋਈ ਸੀ | ਲੋਕ ਇੱਥੇ ਆਉਣ ਤੋਂ ਵੀ ਗੁਰੇਜ ਕਰਦੇ ਸਨ | ਇਸ ਸੰਬੰਧੀ 16 ਸਤੰਬਰ ਨੂੰ 'ਅਜੀਤ' ਵਿਚ ਇਕ ਖਬਰ ਵੀ ਪ੍ਰਕਾਸ਼ਿਤ ਹੋਈ ਸੀ | ਜਿਸਦਾ ਸਾਬਕਾ ਕੈਬਨਿਟ ਮੰਤਰੀ ਦੇ ਮੌਜੂਦਾ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਤੁਰੰਤ ਐਕਸ਼ਨ ਲੈਂਦਿਆਂ ਖਸਤਾ ਹਾਲਤ ਵਿਚ ਹੋਈ ਗਰਾਉਂਡ ਨੂੰ ਤਿਆਰ ਕਰਨ ਦੀ ਹਦਾਇਤ ਜਾਰੀ ਕੀਤੀ | ਜਿਸ ਤਹਿਤ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਜੇਬੀਰ ਸਿੰਘ ਲੋਪੋਕੇ, ਮੈਂਬਰ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਇਸ ਗਰਾਉਂਡ ਦੀ ਸਾਫ ਸਫਾਈ ਕਰਵਾਈ | ਉਨ੍ਹਾਂ ਕਿਹਾ ਕਿ ਜਲਦ ਹੀ ਇਹ ਗਰਾਊਾਡ ਤਿਆਰ ਕਰਵਾ ਕੇ ਖੇਡਣ ਯੋਗ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਪਹਿਲਾਂ ਕਿਲਾ ਰਾਏਪੁਰ ਤੋਂ ਦੂਜੇ ਨੰਬਰ ਦੀਆਂ ਖੇਡਾਂ ਦਾ ਇਹ ਕੇਂਦਰ ਹੁੰਦਾ ਸੀ | ਜਿਸ ਨੇ ਕਈ ਇੰਟਰਨੈਸ਼ਨਲ ਖਿਡਾਰੀ ਪੈਦਾ ਕੀਤੇ ਪਰ ਮੌਜੂਦਾ ਸਰਕਾਰ ਦੇ ਸਾਢੇ ਤਿੰਨ ਸਾਲ ਬੀਤ ਜਾਣ 'ਤੇ ਵੀ ਇਹ ਸਟੇਡੀਅਮ ਵਿਚ ਕੋਈ ਵੀ ਖੇਡ ਮੇਲਾ ਤੱਕ ਨਹੀਂ ਕਰਵਾਇਆ ਗਿਆ |