ਅਟਾਰੀ, 20 ਸਤੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਸ਼ਹੀਦ ਦਲਬੀਰ ਸਿੰਘ ਰਣੀਕੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰਣੀਕੇ ਵਿਖੇ ਚੱਲ ਰਹੇ ਸੀ. ਪਾਈਟ ਕੈਂਪ ਵਿਚ ਆਰਮੀ ਮੇਜਰ ਪੀ. ਐੱਸ ਰਾਵਤ ਅਤੇ ਸੀ. ਪਾਈਟ ਕੈਂਪਾਂ ਦੇ ਟਰੇਨਿੰਗ ਅਫਸਰ ਅਜੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਟ੍ਰੇਨਿੰਗ ਲੈ ਰਹੇ ਯੁਵਕਾਂ ਨਾਲ ਮੀਟਿੰਗ ਕੀਤੀ ਅਤੇ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਜੋਸ਼ ਭਰਿਆ | ਉਨ੍ਹਾਂ ਕਿਹਾ ਕਿ ਉਹ ਆਰਮੀ ਵਿਚ ਭਰਤੀ ਹੋ ਕੇ ਵੀ ਪੜ੍ਹਾਈ ਜਾਰੀ ਰੱਖਣਗੇ ਤਾਂ ਉੱਚ ਅਫਸਰ ਬਣ ਜਾਣਗੇ ਅਤੇ ਤਰੱਕੀ ਵੱਲ ਵਧਣਗੇ | ਆਰਮੀ ਮੇਜਰ ਪੀ.ਐੱਸ. ਰਾਵਤ ਅਤੇ ਟ੍ਰੇਨਿੰਗ ਅਫਸਰ ਅਜੀਤ ਸਿੰਘ ਵਲੋਂ ਨੌਜਵਾਨਾਂ ਨੂੰ ਟੀ ਸ਼ਰਟਾਂ ਵੀ ਦਿੱਤੀਆਂ ਗਈਆਂ | ਟਰੇਨਿੰਗ ਅਫਸਰ ਅਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੀ. ਪਾਈਟ ਕੈਂਪ ਰਣੀਕੇ ਵਿਖੇ ਫੌਜ ਅਤੇ ਹੋਰਨਾਂ ਫੋਰਸਾਂ ਵਿਚ ਭਰਤੀ ਹੋਣ ਲਈ ਟ੍ਰੇਨਿੰਗ ਚੱਲ ਰਹੀ ਹੈ, ਜਿਨ੍ਹਾਂ ਯੁਵਕਾਂ ਨੇ ਟ੍ਰੇਨਿੰਗ ਲੈਣੀ ਹੋਵੇ ਉਹ ਸੀ ਪਾਈਟ ਕੈਂਪ ਰਣੀਕੇ ਵਿਖੇ ਪਹੁੰਚ ਕੇ ਸੰਪਰਕ ਕਰ ਸਕਦੇ ਹਨ | ਇਸ ਮੌਕੇ ਮਾਸਟਰ ਮਨਦੀਪ ਸਿੰਘ, ਕੈਂਪ ਇੰਚਾਰਜ ਸੁੱਖਬੀਰ ਸਿੰਘ, ਸੂਬੇਦਾਰ ਸੁਖਦੇਵ ਸਿੰਘ ਖਾਸਾ ਅਤੇ ਕੈਂਪ ਅਧਿਕਾਰੀ ਮੌਜੂਦ ਸਨ |