ਘੱਗਰ ਵਿਚ ਆਏ ਬੇਸ਼ੁਮਾਰ ਪਾਣੀ ਕਾਰਨ ਕਿਸਾਨਾਂ ਦੀ ਜਾਨ ਮੁੱਠੀ 'ਚ ਆਈ
ਰਾਜਪੁਰਾ ਨੇੜਲੇ ਪਿੰਡ ਵਿਚ ਐਸ ਡੀ ਐਮ ਅਵੀਕੇਸ਼ ਗੁਪਤਾ ਲੋਕਾਂ ਨਾਲ ਗੱਲਬਾਤ ਕਰਦੇ ਹੋਏ |
<br/>
ਪ੍ਰਸ਼ਾਸਨਿਕ ਅਣਗਿਹਲੀ ਦੀਆਂ ਮੁੂੰੰਹ ਬੋਲਦੀਆਂ ਤਸਵੀਰਾਂ: ਸਬ ਡਵੀਜਨ ਰਾਜਪੁਰਾ ਨੇੜਲੇ ਪਿੰਡਾਂ ਵਿਚ ਘੱਗਰ ਦਰਿਆ ਦੇ ਪਾਣੀ ਨੇ ਫਸਲਾਂ ਲਪੇਟ 'ਚ ਲਈਆਂ, (ਵਿਚਕਾਰ) ਸਬ ਡਵੀਜ਼ਨ ਰਾਜਪੁਰਾ ਦੀਆਂ ਸੜਕਾਂ 'ਤੇ ਫਿਰ ਰਹੇ ਪਾਣੀ ਵਿਚੋਂ ਲੰਘਦੇ ਰਾਹਗੀਰ | (ਸੱਜੇ) ਰਾਜਪੁਰਾ ਨੇੜਲੇ ਪਿੰਡ ਉਟਸਰ ਵਿਖੇ ਘੱਗਰ ਦਰਿਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਉਟਸਰ ਅਤੇ ਹੋਰ | ਤਸਵੀਰਾਂ : ਰਣਜੀਤ ਸਿੰਘ
<br/>
31-08-2025
ਭਾਵੇਂ ਕਿ ਘੱਗਰ ਦਰਿਆ ਵਿਚ ਪਾਣੀ ਦਾ ਲੈਵਲ ਹੁਣ ਵੱਧ ਤਾਂ ਨਹੀਂ ਰਿਹਾ ਹੈ ਪਰ ਪਲ ਪਲ ਬਦਲ ਰਹੇ ਮੌਸਮ ਨੇ ਹਲਕਾ ਵਾਸੀਆਂ ਖਾਸ ਤੌਰ 'ਤੇ ਕਿਸਾਨਾਂ ਦੇ ਪੈਰਾਂ ਹੇਠ ਤੋਂ ਜਮੀਨ ਖਿਸਕਾ ਦਿੱਤੀ ਹੈ | ਬੀਤੇ ਸਾਲਾਂ ਦੌਰਾਨ ਆਏ ਹੜ੍ਹਾਂ ਕਾਰਨ ਅਤੇ ਸ਼ੰਭੂ ਬੈਰੀਅਰ 'ਤੇ ਕਿਸਾਨਾਂ ਵਲੋਂ ਜੀ.ਟੀ. ਰੋਡ ਬੰਦ ਕਰਨ ਦਿੱਲੀ ਅੰਮਿ੍ਤਸਰ ਦੀ ਤਕਰੀਬਨ ਸਾਰੀ ਆਵਾਜਾਈ ਸ਼ੰਭੂ ਨਾਲ ਲੱਗਦੇ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਦੀ ਗੁਜਰਦੀ ਸੀ | ਇਸ ਕਾਰਨ ਕਈਆਂ ਥਾਵਾਂ 'ਤੇ ਸੜਕਾਂ 'ਤੇ ਫੁੱਟ ਫੁੱਟ ਤੋਂ ਵੀ ਡੁੁੂੰੰਘੇ ਟੋਏ ਪੈ ਗਏ ਹਨ ਪਰ ਸਰਕਾਰ ਨੇ ਹਾਲੇ ਤੱਕ ਸੜਕ 'ਤੇ ਪਏ ਟੋਇਆਂ ਅਤੇ ਸੜਕ ਦੀ ਰਿਪੇਅਰ ਤੱਕ ਨਹੀਂ ਕਰਵਾਈ ਜਿਸ ਕਾਰਨ ਅੱਜ ਇਨ੍ਹਾਂ ਸੜਕਾਂ ਤੋਂ ਦੀ ਲੰਘਣਾ ਮੌਤ ਨੂੰ ਮਾਸੀ ਕਹਿਣ ਬਰਾਬਰ ਬਣਿਆ ਪਿਆ ਹੈ ਜਦ ਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰਾ ਕੁੱਝ ਠੀਕ ਠਾਕ ਹੈ | ਜਾਣਕਾਰੀ ਮੁਤਾਬਕ ਬੀਤੇ ਕਈ ਦਿਨਾਂ ਤੋਂ ਪਹਾੜੀ ਖੇਤਰ ਵਿਚ ਹੋ ਰਹੀ ਮੂਸਲ ਧਾਰ ਬਾਰਸ਼ ਕਾਰਨ ਮੈੈਦਾਨੀ ਇਲਾਕਿਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ | ਪਹਾੜਾਂ ਵਿਚ ਹੋਈ ਬਾਰਸ਼ ਦਾ ਪਾਣੀ ਸੁਖਨਾ ਲੇਕ ਵਿਚ ਇਕੱਠਾ ਹੋ ਗਿਆ ਅਤੇ ਹੁਣ ਜਦੋਂ ਸੁਖਨਾ ਲੇਕ ਵੀ ਪਾਣੀ ਪਾਣੀ ਹੋ ਗਈ ਤਾਂ ਇਸ ਦੇ ਫਲੱਡ ਗੇਟ ਖੋਲ ਦਿੱਤੇ ਗਏ | ਇਸ ਪਾਣੀ ਕਾਰਨ ਘੱਗਰ ਦਰਿਆ ਦੇ ਨੇੜਲੇ ਪਿੰਡਾਂ ਵਿਚ ਵਸਦੇ ਲੋਕਾਂ ਅਤੇ ਕਿਸਾਨਾਂ ਦੀ ਜਾਨ ਮੁੱਠੀ ਵਿਚ ਆਈ ਪਈ ਹੈ | ਸਬ ਡਵੀਜਨ ਦੇ ਪਿੰਡ ਸੰਜਰਪੁਰ, ਲਾਛੜੂ, ਨਨਹੇੜੀ, ਰਾਏਪੁਰ, ਉਟਸਰ, ਚਮਾਰੂ, ਸ਼ਮਸ਼ਪੁਰ, ਸਮੇਤ ਹੋਰਨਾਂ ਪਿੰਡਾਂ ਦੇ ਕਈ ਕਿਸਾਨਾਂ ਦੀਆਂ ਫਸਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਕਈਆਂ ਪਿੰਡਾਂ ਵਿਚ ਝੋਨੇ ਦੀ ਨਿਸਰੀ ਫਸਲ ਪਾਣੀ ਵਿਚ ਡੁੱਬੀ ਵਿਖਾਈ ਦੇ ਰਹੀ ਹੈ | ਕਈ ਪਿੰਡਾਂ ਵਿਚ ਘੱਗਰ ਦਰਿਆ ਦਾ ਪਾਣੀ ਸੜਕਾਂ ਦੇ ਉਪਰ ਦੀ ਚਲ ਰਿਹਾ ਹੈ | ਬੀਤੇ ਸਾਲਾਂ ਦੌਰਾਨ ਆਏ ਹੜ੍ਹਾਂ ਕਾਰਨ ਅਤੇ ਸ਼ੰਭੂ ਬੇੈਰੀਅਰ ਬੰਦ ਹੋਣ ਕਾਰਨ ਸਾਲ ਭਰ ਦੇ ਕਰੀਬ ਦਿੱਲੀ-ਅੰਮਿ੍ਤਸਰ ਦੀ ਸਾਰੀ ਆਵਾਜਾਈ ਇਨ੍ਹਾਂ ਲਿੰਕ ਸੜਕਾਂ 'ਤੋਂ ਦੀ ਲੰਘਦੀ ਸੀ ਜਿਸ ਕਾਰਨ ਇਨ੍ਹਾਂ ਪਿੰਡਾਂ ਦੀਆਂ ਸੜਕਾਂ 'ਤੇ ਫੁੱਟ ਫੁੱਟ ਤੋਂ ਵੀ ਜਿਆਦਾ ਡੁੂੰਘੇ ਟੋਏ ਪੈ ਗਏ ਹਨ | ਪ੍ਰਸ਼ਾਸਨ ਨੇ ਨਾ ਤਾਂ ਹਾਲੇ ਤੱਕ ਇਨ੍ਹਾਂ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਹੀ ਕਰਵਾਈ ਹੈ ਤੇ ਨਾ ਹੀ ਟੋਏ ਹੀ ਬੰਦ ਕਰਵਾਏ ਹਨ | ਹੁਣ ਪ੍ਰਸ਼ਾਸਨ ਨੇ ਘੱਗਰ ਦਰਿਆ ਦੇ ਨੇੜੇ ਨਾ ਜਾਣ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ | ਇਸ ਸੰਬੰਧੀ ਸੰਪਰਕ ਕਰਨ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਟਸਰ, ਸਾਬਕਾ ਸਰਪੰਚ ਹਰਪ੍ਰੀਤ ਸਿੰਘ, ਸਾਬਕਾ ਸਰਪੰਚ ਬਲਕਾਰ ਸਿੰਘ, ਹਰਨੇਕ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਸਰਕਾਰੀ ਨੇ ਸਮੇਂ ਰਹਿੰਦੇ ਕੋਈ ਵੀ ਧਿਆਨ ਨਹੀਂ ਦਿੱਤਾ ਜਿਸ ਕਾਰਨ ਕਈ ਕਿਸਾਨਾਂ ਦੀਆਂ ਫਸਲਾਂ ਪਾਣੀ ਵਿਚ ਡੁੱਬ ਗਈਆਂ ਹਨ | ਇਸ ਸੰਬੰੰਧੀ ਆਮ ਆਗੂ ਵਿੱਕੀ ਘਨੌਰ ਦਾ ਕਹਿਣਾ ਹੈ ਕਿ ਸਰਕਾਰ ਸਬ ਡਵੀਜਨ ਦੇ ਪਿੰਡਾਂ ਦੇ ਲੋਕਾਂ ਨਾਲ ਚਟਾਨ ਵਾਂਗ ਖੜੀ ਹੈ | ਐਸ.ਡੀ.ਐਮ. ਰਾਜਪੁਰਾ ਅਵੀਕੇਸ਼ ਗੁਪਤਾ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਹਾਲਾਤ ਕੰਟਰੋਲ ਵਿਚ ਹੈ ਪਰ ਲੋਕਾਂ ਨੂੰ ਐਡਵਾਇਜਰੀ ਜਾਰੀ ਕੀਤੀ ਹੈ ਕਿ ਉਹ ਘੱਗਰ ਦਰਿਆ ਦੇ ਨੇੜੇ ਨਾ ਜਾਣ |