ਜੈਤੋ, 30 ਅਗਸਤ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)-ਸਥਾਨਕ ਥਾਣਾ ਜੈਤੋ ਦੀ ਪੁਲਿਸ ਨੇ 4 ਦੋਸ਼ੀਆਂ ਨੂੰ 2 ਖੋਹ ਕੀਤੀਆਂ ਕਾਰਾਂ, 1 ਦੇਸੀ ਪਿਸਟਲ 32 ਬੋਰ ਤੇ 2 ਜ਼ਿੰਦਾ ਰੌਂਦ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਸਥਾਨਕ ਡੀ. ਐਸ. ਪੀ. ਦਫ਼ਤਰ ਵਿਖੇ ਸੰਦੀਪ ਕੁਮਾਰ ਐਸ. ਪੀ. (ਇੰਨਵੈਸਟੀਗੇਸ਼ਨ) ਫ਼ਰੀਦਕੋਟ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੁਲਿਸ ਵਲੋਂ 4 ਦੋਸ਼ੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਵਲੋਂ ਪਿਛਲੇ ਦਿਨੀਂ ਪਿੰਡ ਸੇਵੇਵਾਲਾ ਨਜ਼ਦੀਕ ਕੋਠੇ ਸੰਤਾ ਸਿੰਘ ਵਾਲਾ ਵਿਖੇ ਇਕ ਵਰਨਾ ਕਾਰ ਨੂੰ ਖੋਹਣ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ | ਗਿ੍ਫ਼ਤਾਰ ਕੀਤੇ ਦੋਸ਼ੀਆਂ ਦੀ ਪਹਿਚਾਣ ਹਰਮਨਦੀਪ ਸਿੰਘ ਉਰਫ਼ ਹਰਮਨ ਮਰੜ, ਜਗਰਾਜ ਸਿੰਘ ਉਰਫ਼ ਯੁਵਰਾਜ ਸਿੰਘ ਵਾਸੀ ਸੀਤੋ ਮਾਈ ਝੂੱਗੀਆਂ ਜ਼ਿਲ੍ਹਾ ਤਰਨਤਾਰਨ, ਮੀਤਪਾਲ ਸਿੰਘ ਉਰਫ਼ ਮੀਤਾ ਵਾਸੀ ਅਲਗੋ ਕਾਲ ਜ਼ਿਲ੍ਹਾ ਤਰਨਤਾਰਨ ਤੇ ਮਨਪਿੰਦਰ ਸਿੰਘ ਉਰਫ਼ ਮੰਨਾ ਵਾਸੀ ਝੁੱਗੀਆਂ ਪੀਰਬਖਸ਼ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ | ਪੁਲਿਸ ਟੀਮਾਂ ਵਲੋਂ ਦੋਸ਼ੀਆਂ ਪਾਸੋਂ 2 ਖੋਹ ਕੀਤੀਆਂ ਕਾਰਾਂ, 1 ਦੇਸੀ ਪਿਸਟਲ 32 ਬੋਰ ਤੇ 2 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਹਨ | ਦੱਸਣਯੋਗ ਹੈ ਕਿ ਮਿਤੀ 25 ਅਗਸਤ 2025 ਨੂੰ ਸਵਿਫ਼ਟ ਕਾਰ 'ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਸੇਵੇਵਾਲਾ ਦੇ ਕੋਠੇ ਸੰਤਾ ਸਿੰਘ ਵਾਲਾ ਤੋਂ ਬਠਿੰਡਾ ਜਾ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਰਾਜਿੰਦਰ ਸਿੰਘ ਦੀ ਵਰਨਾ ਕਾਰ ਉਸ ਦੀ ਕੁੱਟਮਾਰ ਕਰਕੇ ਖੋਹ ਕਰ ਲਈ ਸੀ | ਜਿਸ 'ਤੇ ਫ਼ਰੀਦਕੋਟ ਪੁਲਿਸ ਵਲੋਂ ਥਾਣਾ ਜੈਤੋ ਵਿਖੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ | ਜਿਸ 'ਤੇ ਫ਼ਰੀਦਕੋਟ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਐਸ. ਪੀ. (ਇੰਨਵੈਸਟੀਗੇਸ਼ਨ) ਫ਼ਰੀਦਕੋਟ ਸੰਦੀਪ ਕੁਮਾਰ ਦੀ ਦੇਖ-ਰੇਖ ਹੇਠ ਅਰੁਣ ਮੁੰਡਨ ਡੀ. ਐਸ. ਪੀ. (ਇੰਨਵੈਸਟੀਗੇਸ਼ਨ) ਫ਼ਰੀਦਕੋਟ ਤੇ ਮਨੋਜ ਕੁਮਾਰ ਡੀ. ਐਸ. ਪੀ. (ਸਬ-ਡਵੀਜਨ) ਜੈਤੋ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ਼ ਫ਼ਰੀਦਕੋਟ, ਸੀ. ਆਈ. ਏ. ਸਟਾਫ਼ ਜੈਤੋ, ਟੈਕਨੀਕਲ ਸੈਲ ਅਤੇ ਥਾਣਾ ਜੈਤੋ ਦੀਆਂ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ | ਜਿਨ੍ਹਾਂ ਵਲੋਂ ਟੈਕਨੀਕਲ ਇੰਨਪੁੱਟ ਤੇ ਹਿਊਮਨ ਇੰਟੈਲੀਜੈਸ ਦੇ ਅਧਾਰ 'ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮਿਤੀ 29.08.2025 ਨੂੰ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਇਹ ਗਰੋਹ ਹਾਈਵੇਅ ਪਰ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਘੁੰਮ ਰਹੇ ਸਨ | ਜਿਸ 'ਤੇ ਪੁਲਿਸ ਟੀਮਾਂ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਾਰਦਾਤ 'ਚ ਚਾਰੋਂ ਦੋਸ਼ੀਆਂ ਨੂੰ ਬੀੜ ਸਿੱਖਾਂਵਾਲਾ ਰੋਡ ਪਾਸੋਂ ਖੋਹ ਕੀਤੀ 1 ਵਰਨਾ ਕਾਰ ਅਤੇ ਵਾਰਦਾਤ ਦੌਰਾਨ ਵਰਤੀ ਗਈ 1 ਸਵਿਫਟ ਡਿਜਾਇਰ ਕਾਰ ਸਮੇਤ ਕਾਬੂ ਕੀਤਾ | ਦੋਸ਼ੀਆਂ ਵਲੋਂ ਵਾਰਦਾਤ ਦੌਰਾਨ ਵਰਤੀ ਗਈ ਸਵਿਫਟ ਡਿਜਾਇਰ ਕਾਰ ਵੀ ਇਸ ਵਾਰਦਾਤ 'ਚ ਸ਼ਾਮਿਲ ਹਰਮਨਦੀਪ, ਜਗਰਾਜ ਸਿੰਘ, ਮੀਤਪਾਲ ਵਲੋਂ ਮਿਤੀ 20 ਅਗਸਤ ਨੂੰ ਸਰਹਿੰਦ ਨਜ਼ਦੀਕ ਮੇਨ ਹਾਈਵੇਅ ਤੋਂ ਖੋਹ ਕੀਤੀ ਗਈ ਸੀ | ਇਸ ਮੌਕੇ ਡੀ. ਐਸ. ਪੀ. ਮਨੋਜ ਕੁਮਾਰ ਸ਼ਰਮਾ, ਐਸ. ਐਚ. ਓ. ਨਵਪ੍ਰੀਤ ਸਿੰਘ, ਅਮਰਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਫ਼ਰੀਦਕੋਟ, ਦਰਸ਼ਨ ਸਿੰਘ ਸੀ. ਆਈ. ਏ. ਸਟਾਫ ਜੈਤੋ ਆਦਿ ਮੌਜੂਦ ਸਨ |