ਕੋਟਕਪੂਰਾ, 30 ਅਗਸਤ (ਪ. ਪ.)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਗਿੱਦੜਬਾਹਾ ਵਲੋਂ ਜ਼ਿਲ੍ਹਾ ਫ਼ਰੀਦਕੋਟ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਧਵਾ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਸਦਰ ਕੋਟਕਪੂਰਾ ਅੱਗੇ ਰੋਸ ਧਰਨਾ ਦਿੱਤਾ | ਇਸ ਸੰਬੰਧ 'ਚ ਵਿਧਵਾ ਲੜਕੀ ਦੇ ਸਹੁਰੇ ਬਲਵੰਤ ਸਿੰਘ ਵਾਸੀ ਕੋਟਸੁਖੀਆ ਵਿਰੁੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੋ ਚੁੱਕਿਆ ਹੈ | ਜਦ ਕਿ ਉਸ ਦੇ ਜੇਠ ਨਿਰਮਲ ਸਿੰਘ ਵਲੋਂ ਕਥਿਤ ਹਥਿਆਰਾਂ ਦੀ ਨੋਕ 'ਤੇ ਧਮਕੀਆਂ ਦੇਣ ਤੇ ਘਰ ਦੇ ਵਾੜ੍ਹੇ 'ਤੇ ਕਬਜ਼ਾ ਕਰਕੇ ਟਰੈਕਟਰ, ਟਰਾਲੀ, ਜਰਨੇਟਰ ਹੋਰ ਸਾਮਾਨ ਚੋਰੀ ਕਰਨ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਦਰਖ਼ਾਸਤਾਂ 'ਤੇ ਸੁਣਵਾਈ ਨਾ ਹੋਣ 'ਤੇ ਜਥੇਬੰਦੀ ਨੇ ਰੋਸ ਧਰਨਾ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ | ਜਥੇਬੰਦਕ ਆਗੂਆਂ ਦਾ ਕਹਿਣਾ ਹੈ ਕਿ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਸਪਾਲ ਸਿੰਘ ਨੰਗਲ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਗਿੱਦੜਬਾਹਾ ਬਲਾਕ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਇਨਸਾਫ਼ ਦੀ ਮੰਗ ਕੀਤੀ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਬਲਾਕ ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ, ਬਲਾਕ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ, ਬਲਾਕ ਕੋਟਕਪੂਰਾ ਦੇ ਆਗੂ ਨਿਰਮਲ ਸਿੰਘ ਜਿਉੂਣ ਵਾਲਾ, ਸ਼ੇਰਜੰਗ ਸਿੰਘ ਖਾਰਾ, ਜਸਮੇਲ ਸਿੰਘ ਜੱਸੀ, ਹਰਜੀਤ ਸਿੰਘ ਕੋਟਕਪੂਰਾ, ਗੁਰਜੰਟ ਸਿੰਘ ਬੁਰਜ ਮਹਿਮਾ (ਬਠਿੰਡਾ) ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰ, ਪਿੰਡਾਂ ਦੇ ਪ੍ਰਧਾਨ, ਸਕੱਤਰ, ਪੀੜਤ ਵਿਧਵਾ ਲੜਕੀ ਅਮਰਜੀਤ ਕੌਰ ਦੇ ਪਿਤਾ ਕੁਲਬੀਰ ਸਿੰਘ, ਤਾਇਆ ਮਲਕੀਤ ਸਿੰਘ ਖੋਸਾ ਦੋਦਾ ਅਤੇ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਹਾਜ਼ਰ ਸਨ | ਇਸ ਦੌਰਾਨ ਜਥੇਬੰਦੀ ਦੇ ਸੀਨੀਅਰ ਆਗੂ ਕੋਟਕਪੂਰਾ ਦੇ ਡੀ. ਐਸ. ਪੀ. ਜਤਿੰਦਰ ਕੁਮਾਰ ਨੂੰ ਮਿਲੇ ਤਾਂ ਉਨ੍ਹਾਂ ਇਨਸਾਫ਼ ਦਿੱਤੇ ਜਾਣ ਦਾ ਭਰੋਸਾ ਦਿਵਾਇਆ |