ਸਮਾਗਮ ਦੌਰਾਨ ਬਰਾਮਦ ਕੀਤੇ ਮੋਬਾਈਲ ਫ਼ੋਨਾਂ ਨੂੰ ਲੈਣ ਉਪਰੰਤ ਮਾਲਕਾਂ ਨੇ ਮੋਬਾਈਲਾਂ ਨਾਲ ਆਪਣੇ ਜੁੜੇ ਰਿਸ਼ਤੇ ਬਾਰੇ ਜਦੋਂ ਹਾਜ਼ਰ ਲੋਕਾਂ 'ਚ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਇਕ ਵਾਰ ਸਮਾਗਮ ਉਨ੍ਹਾਂ ਦੇ ਵਿਚਾਰ ਸੁਣ ਕੇ ਵੀ ਭਾਵੁਕ ਹੋ ਗਿਆ | ਸਪੈਸ਼ਲ ਓਲੰਪਿਕਸ ਹਰਜੀਤ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਅੱਖਾਂ 'ਚ ਹੰਝੂ ਲਿਆ ਕੇ ਦੱਸਿਆ ਕਿ ਉਸ ਦਾ ਭਰਾ ਸਪੈਸ਼ਲ ਓਲੰਪਿਕਸ ਦਾ ਗੋਲਡ ਮੈਡਲਿਸਟ ਹੈ, ਟਰਾਇਲ ਦੌਰਾਨ ਆਪਣਾ ਮੋਬਾਈਲ ਗੁਆ ਬੈਠਾ ਸੀ | ਜਦੋਂ ਉਹ ਵਾਪਸ ਮਿਲਿਆ ਤਾਂ ਉਸ ਨੂੰ ਆਪਣੀ ਸਲੈਕਸ਼ਨ ਦੀ ਖ਼ਬਰ ਵੀ ਮਿਲ ਗਈ, ਜਿਸ ਨਾਲ ਉਸ ਨੂੰ ਮੁੜ ਤੋਂ ਜਿੱਤ ਦਿਖਾਈ ਦਿੱਤੀ | ਇਹ ਮੋਬਾਈਲ ਮੇਰੇ ਪਰਿਵਾਰ ਵਲੋਂ ਮਿਲਿਆ ਕੀਮਤੀ ਤੋਹਫ਼ਾ ਸੀ | ਵਾਪਸ ਮਿਲਣ 'ਤੇ ਅੱਖਾਂ 'ਚ ਹੰਝੂ ਆਪ ਹੀ ਆ ਗਏ | ਇਸ ਮੌਕੇ ਅਮਨਦੀਪ ਕੌਰ ਵਿਦਿਆਰਥਣ ਨੇ ਦੱਸਿਆ ਕਿ ਉਸ ਨੂੰ ਵਿਸ਼ਵਾਸ ਨਹੀਂ ਸੀ ਕਿ ਉਸਦਾ ਮੋਬਾਈਲ 15 ਦਿਨਾਂ ਵਿਚ ਵਾਪਸ ਆ ਜਾਵੇਗਾ ਪਰ ਫ਼ਰੀਦਕੋਟ ਪੁਲਿਸ ਨੇ ਅਸੰਭਵ ਨੂੰ ਸੰਭਵ ਕਰ ਦਿੱਤਾ | ਨਵਨੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣਾ ਮੋਬਾਈਲ ਆਪਣੀ ਮਿਹਨਤ ਦੀ ਕਮਾਈ ਨਾਲ ਖਰੀਦਿਆ ਸੀ, ਜਦ ਮੁੜ ਮਿਲਿਆ ਤਾਂ ਖੁਸ਼ੀ ਦਾ ਠਿਕਾਣਾ ਨਹੀਂ ਸੀ | ਨਿਰਮਲ ਸਿੰਘ ਵਾਸੀ ਪਿੰਡ ਗੁਰੂ ਕੀ ਢਾਬ ਨੇ ਕਿਹਾ ਕਿ ਮੇਰੇ ਸਾਰੇ ਗਾਹਕਾਂ ਦੇ ਨੰਬਰ, ਮਾਪ ਤੇ ਕੰਮ ਦੇ ਰਿਕਾਰਡ ਮੋਬਾਈਲ 'ਚ ਸਨ | ਫ਼ੋਨ ਮਿਲਣ ਨਾਲ ਮੇਰੀ ਦੁਕਾਨ ਦਾ ਕੰਮ ਮੁੜ ਚੱਲ ਪਿਆ ਹੈ |