ਗੁਰਦੁਆਰਾ ਕਰਤਾਰਪੁਰ ਸਾਹਿਬ 'ਚੋਂ ਮਸ਼ੀਨਾਂ ਨਾਲ ਸੁਕਾਇਆ ਗਿਆ ਹੜ੍ਹ ਦਾ ਪਾਣੀ <br/>
ਅਜੀਤ ਡੈਸਕ
30-08-2025
ਅੰਮਿ੍ਤਸਰ, 29 ਅਗਸਤ -ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਸਖ਼ਤ ਆਦੇਸ਼ਾਂ ਤੋਂ ਬਾਅਦ ਅੱਜ ਦੁਪਹਿਰ ਮਸ਼ੀਨਾਂ ਲਗਾ ਕੇ ਤੇ ਹੋਰ ਉਪਕਰਨਾਂ ਦੀ ਸਹਾਇਤਾ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਤੇ ਪਰਿਕਰਮਾ 'ਚ ਖੜ੍ਹਾ ਹੜ੍ਹ ਦਾ ਗੰਦਲਾ ਪਾਣੀ ਪੂਰੀ ਤਰ੍ਹਾਂ ਨਾਲ ਕੱਢ ਲਿਆ ਗਿਆ | ਹਾਲਾਂਕਿ, ਮਿੱਟੀ ਦੀ ਗਾਰ ਨਾਲ ਭਿ੍ਸ਼ਟ ਚੁਕੇ ਫ਼ਰਸ਼, ਕੰਧਾਂ ਅਤੇ ਹੋਰਨਾਂ ਭਵਨਾਂ ਦੀ ਸਫ਼ਾਈ ਨੂੰ ਮੁਕੰਮਲ ਕਰਨ 'ਚ 3-4 ਦਿਨ ਲੱਗ ਸਕਦੇ ਹਨ | ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਦੇ ਡਿਪਟੀ ਸਕੱਤਰ (ਪ੍ਰਬੰਧਨ) ਸੈਫ਼ੁੱਲਾ ਖੋਖਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ 'ਅਜੀਤ' ਨਾਲ ਤਾਜ਼ਾ ਤਸਵੀਰਾਂ ਅਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪ੍ਰਾਥਮਿਕਤਾ ਗੁਰਦੁਆਰਾ ਸਾਹਿਬ 'ਚ ਸਥਾਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਉਣਾ ਤੇ ਗੁਰਦੁਆਰਾ ਸਾਹਿਬ 'ਚ ਫਸੇ ਗ੍ਰੰਥੀ ਸਿੰਘਾਂ, ਸੇਵਾਦਾਰਾਂ, ਯਾਤਰੂਆਂ ਅਤੇ ਹੋਰ ਅਮਲੇ ਨੂੰ ਸੁਰੱਖਿਅਤ ਬਾਹਰ ਕੱਢਣਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਸਈਦ ਆਸਿਮ ਮੁਨੀਰ ਨੇ ਅੱਜ ਦੁਪਹਿਰ ਲਹਿੰਦੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ | ਉਹ ਸਿਆਲਕੋਟ ਸੈਕਟਰ, ਸ਼ਕਰਗੜ੍ਹ, ਨਾਰੋਵਾਲ ਤੇ ਸ੍ਰੀ ਕਰਤਾਰਪੁਰ ਸਾਹਿਬ ਵੀ ਗਏ | ਹੜ੍ਹ ਦੀ ਸਥਿਤੀ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਫ਼ੌਜ ਮੁਖੀ ਦਾ ਸਵਾਗਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਉੱਪ ਪ੍ਰਧਾਨ ਮਹੇਸ਼ ਸਿੰਘ ਕਸ਼ਮੋਰ, ਡਾ: ਮਿਮਪਾਲ ਸਿੰਘ, ਸਤਵੰਤ ਕੌਰ, ਇੰਦਰਜੀਤ ਸਿੰਘ ਅਰੋੜਾ, ਜਸਕਰਨ ਸਿੰਘ ਸਿੱਧੂ, ਗਿਆਨੀ ਗੋਬਿੰਦ ਸਿੰਘ, ਗਿਆਨੀ ਦਇਆ ਸਿੰਘ, ਸੁਰਜੀਤ ਸਿੰਘ ਕੰਵਲ, ਪ੍ਰਤਾਪ ਸਿੰਘ ਛਾਪਰਾ ਆਦਿ ਨੇ ਕੀਤਾ ਅਤੇ ਉਨ੍ਹਾਂ ਨੂੰ ਗੁਰੂਘਰ ਦੀ ਬਖ਼ਸ਼ਿਸ਼ ਸਿਰੋਪਾਓ ਭੇਟ ਕੀਤਾ | ਫ਼ੌਜ ਮੁਖੀ ਨੇ ਪਾਕਿ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਮੇਤ ਸਾਰੇ ਨੁਕਸਾਨੇ ਗਏ ਧਾਰਮਿਕ ਸਥਾਨਾਂ ਨੂੰ ਜਲਦੀ ਬਹਾਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਰੱਖਿਆ ਕਰਨਾ ਰਾਜ ਅਤੇ ਇਸ ਦੀਆਂ ਸੰਸਥਾਵਾਂ ਦਾ ਫ਼ਰਜ਼ ਹੈ | ਜਨਰਲ ਮੁਨੀਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਹਵਾਈ ਦੌਰਾ ਵੀ ਕੀਤਾ |
1 ਸਤੰਬਰ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ-
ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਪੀ. ਐੱਸ. ਜੀ. ਪੀ. ਸੀ. ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ 1 ਸਤੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸੰਗਤ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ |