25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਨਵੇਂ 50 ਫ਼ੀਸਦੀ ਟੈਰਿਫ਼ ਨਾਲ ਅਮਰੀਕਾ 'ਚ ਵਿਕਣ ਵਾਲੇ ਭਾਰਤੀ ਉਤਪਾਦ ਹੋਣਗੇ ਮਹਿੰਗੇ : ਕਾਰੋਬਾਰੀ ਆਗੂ <br/>

ਅਜੀਤ ਡੈਸਕ 30-08-2025
ਅੰਮਿ੍ਤਸਰ, 29 ਅਗਸਤ (ਸੁਰਿੰਦਰ ਕੋਛੜ)-ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਾਮਾਨ 'ਤੇ ਲਾਗੂ ਕੀਤਾ ਗਿਆ 50 ਫ਼ੀਸਦੀ ਨਵਾਂ ਟੈਰਿਫ਼ ਭਾਰਤ ਦੇ ਲਗਭਗ 5.4 ਲੱਖ ਕਰੋੜ ਰੁਪਏ ਦੇ ਨਿਰਯਾਤ ਨੂੰ ਪ੍ਰਭਾਵਿਤ ਕਰ ਸਕਦਾ ਹੈ | ਸੂਬੇ ਦੀਆਂ ਪ੍ਰਮੁੱਖ ਕਾਰੋਬਾਰੀ ਅਦਾਰਿਆਂ ਦੇ ਆਗੂਆਂ ਨੇ ਕਿਹਾ ਹੈ ਕਿ 50 ਫ਼ੀਸਦੀ ਟੈਰਿਫ਼ ਅਮਰੀਕਾ 'ਚ ਵਿਕਣ ਵਾਲੇ ਭਾਰਤੀ ਉਤਪਾਦਾਂ ਜਿਵੇਂ ਕਿ ਕੱਪੜੇ, ਰਤਨ-ਗਹਿਣੇ, ਫ਼ਰਨੀਚਰ, ਸਮੁੰਦਰੀ ਭੋਜਨ ਨੂੰ ਮਹਿੰਗਾ ਕਰ ਦੇਵੇਗਾ | ਇਸ ਨਾਲ ਉਨ੍ਹਾਂ ਦੀ ਮੰਗ 70 ਫ਼ੀਸਦੀ ਤੱਕ ਘੱਟ ਸਕਦੀ ਹੈ | ਉਨ੍ਹਾਂ ਨੇ ਕਿਹਾ ਕਿ ਚੀਨ, ਵੀਅਤਨਾਮ ਤੇ ਮੈਕਸੀਕੋ ਵਰਗੇ ਘੱਟ ਟੈਰਿਫ਼ ਵਾਲੇ ਦੇਸ਼ ਇਨ੍ਹਾਂ ਸਮਾਨਾਂ ਨੂੰ ਸਸਤੇ ਭਾਅ 'ਤੇ ਵੇਚਣਗੇ | ਇਸ ਨਾਲ ਅਮਰੀਕੀ ਬਾਜ਼ਾਰ 'ਚ ਭਾਰਤੀ ਕੰਪਨੀਆਂ ਦਾ ਹਿੱਸਾ ਘੱਟ ਜਾਵੇਗਾ | ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਨੇ ਸਾਲ 2024 'ਚ ਲਗਭਗ 92 ਹਜ਼ਾਰ ਕਰੋੜ ਰੁਪਏ ਦੀਆਂ ਦਵਾਈਆਂ ਅਮਰੀਕਾ ਨੂੰ ਨਿਰਯਾਤ ਕੀਤੀਆਂ | ਇਹ ਅਮਰੀਕੀ ਫਾਰਮਾਂ ਨਿਰਯਾਤ ਦਾ ਲਗਭਗ 40 ਫ਼ੀਸਦੀ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਨਵਾਂ ਟੈਰਿਫ਼ ਲਾਗੂ ਕੀਤਾ ਜਾਂਦਾ ਹੈ ਤਾਂ ਅਮਰੀਕਾ ਅਤੇ ਭਾਰਤ ਦੋਵੇਂ ਪ੍ਰਭਾਵਿਤ ਹੋਣਗੇ | ਇਸ ਨਾਲ ਸਨ ਫਾਰਮਾਂ, ਡਾ: ਰੈਡੀਜ਼, ਸਿਪਲਾ, ਲੂਪਿਨ ਵਰਗੀਆਂ ਵੱਡੀਆਂ ਭਾਰਤੀ ਕੰਪਨੀਆਂ ਨੂੰ ਨੁਕਸਾਨ ਹੋਵੇਗਾ | ਅੰਮਿ੍ਤਸਰ ਬਾਰਿਕ ਕਿਲਨ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਨੰਦਾ ਤੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਨੇ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਰੀਕਾ ਭਾਰਤੀ ਆਟੋ ਪਾਰਟਸ ਲਈ ਸਭ ਤੋਂ ਵੱਡਾ ਬਾਜ਼ਾਰ ਹੈ | ਭਾਰਤ ਨੇ ਸਾਲ 2024 'ਚ ਲਗਭਗ 1.68 ਲੱਖ ਕਰੋੜ ਰੁਪਏ ਦੇ ਇੰਜੀਨੀਅਰਿੰਗ ਸਾਮਾਨ ਦਾ ਨਿਰਯਾਤ ਕੀਤਾ | ਇਸ 'ਚ ਸਟੀਲ ਉਤਪਾਦ, ਮਸ਼ੀਨਰੀ, ਆਟੋਮੋਟਿਵ ਪਾਰਟਸ, ਇਲੈਕਟ੍ਰੀਕਲ ਮਸ਼ੀਨਰੀ ਤੇ ਹੋਰ ਉਦਯੋਗਿਕ ਉਪਕਰਨ ਸ਼ਾਮਿਲ ਹਨ | ਵਿੱਤੀ ਸਾਲ 2025 'ਚ ਕੁੱਲ ਆਟੋ ਪਾਰਟਸ ਨਿਰਯਾਤ ਦਾ ਲਗਭਗ 32 ਫ਼ੀਸਦੀ ਅਮਰੀਕਾ ਗਿਆ | ਉਨ੍ਹਾਂ ਨੇ ਕਿਹਾ ਕਿ ਟੈਰਿਫ਼ ਵਾਧੇ ਨਾਲ ਲਗਭਗ 61,000 ਕਰੋੜ ਰੁਪਏ ਦੇ ਸਾਲਾਨਾ ਆਟੋ ਪਾਰਟਸ ਨਿਰਯਾਤ 'ਚੋਂ 30,000 ਕਰੋੜ ਰੁਪਏ ਦਾ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ | ਕਾਰੋਬਾਰੀ ਆਗੂ ਹਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਭਾਰਤ ਨੇ ਸਾਲ 2024 'ਚ ਅਮਰੀਕਾ ਨੂੰ ਲਗਭਗ 1.23 ਲੱਖ ਕਰੋੜ ਰੁਪਏ ਦੇ ਇਲੈਕਟ੍ਰਾਨਿਕਸ ਨਿਰਯਾਤ ਕੀਤੇ | ਭਾਰਤ ਅਮਰੀਕਾ ਲਈ ਆਈਫੋਨ (ਸਮਾਰਟਫੋਨ) ਦਾ ਸਭ ਤੋਂ ਵੱਡਾ ਸਪਲਾਇਰ ਹੈ | ਅਮਰੀਕਾ 'ਚ ਵੇਚੇ ਜਾਣ ਵਾਲੇ 44 ਫ਼ੀਸਦੀ ਸਮਾਰਟਫੋਨ ਭਾਰਤ 'ਚ ਬਣੇ ਹੁੰਦੇ ਹਨ | ਜਦਕਿ ਹੁਣ 50 ਫ਼ੀਸਦੀ ਦਾ ਨਵਾਂ ਟੈਰਿਫ਼ ਲਗਾਏ ਜਾਣ 'ਤੇ ਭਾਰਤ ਤੋਂ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਇਲੈੱਕਟ੍ਰਾਨਿਕ ਸਾਮਾਨ ਮਹਿੰਗੇ ਹੋ ਜਾਣਗੇ | ਕੰਪਨੀਆਂ ਕਿਸੇ ਹੋਰ ਦੇਸ਼ 'ਚ ਅਮਰੀਕਾ ਨੂੰ ਭੇਜੀਆਂ ਜਾਣ ਵਾਲੀਆਂ ਇਲੈਕਟ੍ਰਾਨਿਕਸ ਵਸਤੂਆਂ ਦੇ ਨਿਰਮਾਣ 'ਤੇ ਵਿਚਾਰ ਕਰ ਸਕਦੀਆਂ ਹਨ | ਗਹਿਣਿਆਂ ਦੇ ਕਾਰੋਬਾਰੀਆਂ ਨੇ ਕਿਹਾ ਕਿ ਭਾਰਤ ਨੇ 2024 'ਚ ਅਮਰੀਕਾ ਨੂੰ ਲਗਭਗ 87 ਹਜ਼ਾਰ ਕਰੋੜ ਰੁਪਏ ਦੇ ਰਤਨ ਤੇ ਗਹਿਣੇ ਨਿਰਯਾਤ ਕੀਤੇ ਸਨ | ਜਦਕਿ ਨਵੇਂ ਟੈਰਿਫ਼ ਦੌਰਾਨ ਕੀਮਤਾਂ ਵਧਣ ਕਾਰਨ ਨਿਰਯਾਤ 15-30 ਫ਼ੀਸਦੀ ਤੱਕ ਘਟ ਸਕਦਾ ਹੈ | ਅਮਰੀਕੀ ਖ਼ਰੀਦਦਾਰ ਸਸਤੇ ਵਿਕਲਪਾਂ ਵੱਲ ਵਧ ਸਕਦੇ ਹਨ, ਜਿਸ ਨਾਲ ਭਾਰਤੀ ਕਾਰੀਗਰਾਂ ਦੀਆਂ ਨੌਕਰੀਆਂ ਖ਼ਤਰੇ 'ਚ ਪੈ ਸਕਦੀਆਂ ਹਨ |

ਪਿਛਲੀ ਖ਼ਬਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ 'ਆਪ' ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਪਾਠਕ੍ਰਮ ਲਾਂਚ <br/> ਅਗਲੀ ਖ਼ਬਰ ਕੌਣ ਖਾ ਰਿਹਾ ਸਾਡੀਆਂ ਸੰਪਰਕ ਸੜਕਾਂ ਦੇ ਕਿਨਾਰੇ, ਬਰਸਾਤੀ ਮੌਸਮ 'ਚ ਵਾਪਰਦੇ ਨੇ ਹਾਦਸੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।