ਰਾਮਪੁਰਾ ਫੂਲ, 20 ਸਤੰਬਰ-ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਦੇ ਮਾਮਲੇ 'ਚ ਸਰਕਾਰ ਦੇ ਵਾਅਦੇ ਤੇ ਦਾਅਵੇ ਹਕੀਕਤ ਤੋਂ ਦੂਰ ਜਾਪ ਰਹੇ ਹਨ | ਅੰਤਰਰਾਸ਼ਟਰੀ ਮਾਰਕੀਟ 'ਚ ਕੱਚੇ ਤੇਲ ਦੇ ਭਾਅ ਘੱਟਣ ਦੇ ਬਾਵਜੂਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਨਹੀਂ ਘਟਾਇਆ ਜਾਂਦਾ | ਪਿਛਲੇ 5 ਸਾਲਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਤੇ ਕੰਟਰੋਲ ਬੇਕਾਬੂ ਰਿਹਾ ਹੈ | ਬਦਲਵੀਂ ਊਰਜਾ ਦੇ ਵਾਅਦੇ ਸਿਰਫ਼ ਕਾਗਜ਼ੀ ਸਾਬਤ ਹੋਏ ਹਨ | ਇਹ ਵੀ ਕਿ ਇਕ ਹੀ ਦੇਸ਼ ਦੇ ਰਾਜਾਂ 'ਚ ਕੀਮਤਾਂ ਦੀ ਅਸਮਾਨਤਾਵਾਂ ਨੇ ਲੋਕਾਂ ਨੂੰ ਸੱਟ ਮਾਰੀ ਹੈ | ਪੈਟਰੋਲ 'ਤੇ ਡੀਜ਼ਲ ਤੇ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਲਗਾਏ ਜਾਂਦੇ ਟੈਕਸਾਂ ਦੀ ਮਾਰ ਨੇ ਲੋਕਾਂ ਨੂੰ ਝੰਬ ਸੱੁਟਿਆ ਹੈ ਅਤੇ ਸਰਕਾਰ ਇਸ ਪ੍ਰਣਾਲੀ ਨੂੰ ਲੋਕਾਂ ਤੋਂ ਖਜ਼ਾਨਾ ਭਰਨ ਲਈ ਹਥਿਆਰ ਵਜੋਂ ਵਰਤ ਰਹੀ ਹੈ | ਮੱਧ ਵਰਗੀ ਦੀ ਜ਼ਿੰਦਗੀ ਔਖੀ ਟੱਪ ਰਹੀ ਹੈ ਅਤੇ ਗ਼ਰੀਬ ਦੀ ਤਾਂ ਕਮਰ ਹੀ ਟੁੱਟ ਗਈ ਹੈ, ਜਦੋਂਕਿ ਤੇਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਟਰਾਂਸਪੋਰਟ ਤੇ ਕਿਸਾਨੀ ਨੂੰ ਵੀ ਵੱਡਾ ਝਟਕਾ ਲੱਗਾ ਹੈ ਅਤੇ ਇਸ ਕਾਰਨ ਹੀ ਦੇਸ਼ ਅੰਦਰ ਮਹਿੰਗਾਈ ਸਿਖ਼ਰਾਂ 'ਤੇ ਪੁੱਜ ਗਈ ਹੈ | ਜਾਣਕਾਰੀ ਅਨੁਸਾਰ ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਕੱਚੇ ਤੇਲ ਦਾ ਦਰਾਮਦਕਾਰ ਹੈ | ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਜਦੋਂ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਹਨ ਤਾਂ ਇਸ ਦਾ ਅਸਰ ਸਿਰਫ਼ ਵਾਹਨ ਚਲਾਉਣ ਵਾਲਿਆਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਪੂਰੇ ਆਰਥਿਕ ਢਾਂਚੇ ਨੂੰ ਝੰਜੋੜ ਕੇ ਰੱਖ ਦਿੰਦਾ ਹੈ, ਕਿਉਂ ਜੋ ਟਰੱਕ ਤੋਂ ਲੈ ਕੇ ਬੱਸ, ਆਟੋ ਤੋਂ ਲੈ ਕੇ ਕਿਸਾਨਾਂ ਦੇ ਟਰੈਕਟਰ ਹਰ ਜਗ੍ਹਾ ਇਹ ਤੇਲ ਵਰਤਿਆ ਜਾਂਦਾ ਹੈ | ਇਸ ਕਰਕੇ ਜਦ ਕੀਮਤਾਂ ਵੱਧਦੀਆਂ ਹਨ ਤਾਂ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ | 2021 ਤੋਂ 2025 ਦੇ ਦਰਮਿਆਨ ਦੇ ਅੰਕੜਿਆਂ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਹਰ ਸਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ | ਦਿੱਲੀ 2021 ਵਿਚ ਪੈਟਰੋਲ 83.71 ਰੁਪਏ ਸੀ, ਜੋ 2025 ਵਿਚ 94.77 ਰੁਪਏ 'ਤੇ ਪਹੁੰਚ ਗਿਆ, ਡੀਜ਼ਲ ਵੀ 73.87 ਰੁਪਏ ਤੋਂ 87.67 ਰੁਪਏ ਤੱਕ ਚੜ੍ਹ ਗਿਆ | ਇਸੇ ਤਰ੍ਹਾਂ ਪੰਜਾਬ ਵਿਚ 2021 ਵਿਚ ਪੈਟਰੋਲ 84.82 ਰੁਪਏ ਅਤੇ 2025 ਵਿਚ 96.87 ਰੁਪਏ ਤੇ ਡੀਜ਼ਲ 75.54 ਰੁਪਏ ਤੋਂ 87.38 ਰੁਪਏ ਤੱਕ ਪੁੱਜ ਗਿਆ | ਕਈ ਰਾਜਾਂ ਵਿਚ ਪੈਟਰੋਲ 110 ਰੁਪਏ ਪ੍ਰਤੀ ਲੀਟਰ ਤੋਂ ਵੀ ਪਾਰ ਹੋ ਗਿਆ ਹੈ | ਇਹ ਵੀ ਕਿ ਅੰਤਰਰਾਸ਼ਟਰੀ ਬਾਜ਼ਾਰ ਅੰਦਰ ਪਿਛਲੇ ਇਕ ਸਾਲ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਾਫ਼ੀ ਉਤਰਾਅ ਚੜਾਅ ਆਇਆ ਹੈ | ਸਤੰਬਰ 2024 ਵਿਚ ਕੀਮਤਾਂ ਲਗਭਗ 70 ਡਾਲਰ ਪ੍ਰਤੀ ਬੈਰਲ ਸਨ ਅਤੇ ਅਪ੍ਰੈਲ 2025 ਵਿਚ ਹੀ 58 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਪਈਆਂ ਅਤੇ ਹੁਣ ਸਤੰਬਰ 2025 ਵਿਚ ਫ਼ਿਰ ਤੋਂ ਲਗਭਗ 67 ਤੋਂ 70 ਪ੍ਰਤੀ ਡਾਲਰ ਸਥਿਰ ਹੋ ਗਈਆਂ ਹਨ | ਰੂਸ ਭਾਰਤ ਦਾ ਸਭ ਤੋਂ ਵੱਡਾ ਕੱਚੇ ਤੇਲ ਦਾ ਸਪਲਾਇਰ ਬਣ ਗਿਆ ਹੈ | ਇਰਾਕ ਭਾਰਤ ਦੀ ਕੁੱਲ ਤੇਲ ਦਰਾਮਦ ਦਾ ਲਗਭਗ 20 ਫ਼ੀਸਦੀ ਤੋਂ 23 ਫੀਸਦੀ ਹਿੱਸਾ ਪੂਰਾ ਕਰਦਾ ਹੈ | ਇਸੇ ਤਰ੍ਹਾਂ ਸਾਊਦੀ ਅਰਬ 16 ਤੋਂ 18, ਯੂ.ਏ.ਈ. 8 ਤੋਂ 10 ਅਤੇ ਅਮਰੀਕਾ 6 ਤੋਂ 7 ਫੀਸਦੀ ਦੇ ਕਰੀਬ ਹਿੱਸਾ ਪੂਰਾ ਕਰਦੇ ਹਨ | ਇਹ ਵੀ ਕਿ ਸਾਲ 2024-25 ਦੌਰਾਨ ਭਾਰਤ ਵਿਚ ਡੀਜ਼ਲ ਦੀ ਖਪਤ 91.4 ਮਿਲੀਅਨ ਟਨ ਰਹੀ, ਜੋ ਕਿ ਰੋਜ਼ਾਨਾ 2.50 ਲੱਖ ਟਨ ਪ੍ਰਤੀ ਦਿਨ ਬਣ ਗਈ ਹੈ, ਜਦਕਿ ਪੈਟਰੋਲ ਦੀ ਖ਼ਪਤ 40 ਮਿਲੀਅਨ ਟਨ ਰਹੀ, ਜੋ ਰੋਜ਼ਾਨਾ ਔਸਤ ਦੇ ਹਿਸਾਬ ਨਾਲ ਲਗਭਗ 1.10 ਲੱਖ ਟਨ ਬਣਦੀ ਹੈ, ਜੋ ਕਿ ਖ਼ਪਤਕਾਰਾਂ ਨੂੰ ਭਾਰਤ ਦੇ ਲਗਭਗ 97,804 ਪੈਟਰੋਲ ਪੰਪਾਂ ਰਾਹੀਂ ਮੁਹੱਈਆ ਕਰਵਾਇਆ ਜਾਂਦਾ ਹੈ | ਇਹ ਵੀ ਕਿ ਸਰਕਾਰ ਨੇ ਪੈਟਰੋਲ ਵਿਚ 20 ਫ਼ੀਸਦੀ ਈਥਾਨੋਲ ਮਿਲਾਉਣ ਦਾ ਟੀਚਾ ਪੂਰਾ ਕਰ ਲਿਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇਹ ਟੀਚਾ ਸ਼ਹਿਰਾਂ ਤੱਕ ਸੀਮਤ ਰਹਿ ਗਿਆ ਹੈ | ਪਿੰਡਾਂ ਵਿਚ ਨਾ ਤਾਂ ਇਲੈਕਟਰਿਕ ਚਾਰਜਿੰਗ ਸਟੇਸ਼ਨ ਹਨ, ਨਾ ਹੀ ਬਾਇਓ ਫਿਊਲ ਆਸਾਨੀ ਨਾਲ ਉਪਲੱਬਧ ਹੈ | ਇਲੈਕਟਰਿਕ ਕਾਰਾਂ ਅਤੇ ਸਕੂਟਰਾਂ ਦੀ ਕੀਮਤ ਆਮ ਪਰਿਵਾਰ ਦੀ ਪਹੁੰਚ ਤੋਂ ਬਾਹਰ ਹੈ, ਇਸ ਲਈ ਇਹ ਬਦਲ ਅਜੇ ਲੋਕਾਂ ਲਈ ਹਕੀਕਤ ਨਹੀਂ | ਦੂਜੇ ਪਾਸੇ, ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਵਲੋਂ ਐਕਸਾਈਜ਼ ਘਟਾਇਆ ਗਿਆ ਹੈ ਅਤੇ ਕੱਚੇ ਤੇਲ ਦਾ ਬਦਲ ਲੱਭਿਆ ਗਿਆ ਹੈ ਅਤੇ ਬਾਇਓਫਿਊਲ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ ਪਰ ਇਹ ਸਿਰਫ਼ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਦਾ ਮਾਮਲਾ ਨਹੀਂ, ਸਗੋਂ ਲੋਕਾਂ ਦੇ ਜੀਵਨ ਦੇ ਹਰ ਪੱਖ ਨਾਲ ਜੁੜਿਆ ਮੁੱਦਾ ਹੈ ਅਤੇ ਇਹ ਗੱਲ ਕਿਸੇ ਤੋਂ ਲੁੱਕੀ ਛੁਪੀ ਨਹੀਂ ਕਿ ਪੈਟਰੋਲ ਤੇ ਡੀਜ਼ਲ ਤੇ ਲੱਗਣ ਵਾਲੇ ਕੇਂਦਰੀ ਅਤੇ ਰਾਜ ਟੈਕਸ ਸਭ ਤੋਂ ਵੱਡੀ ਸਮੱਸਿਆ ਹਨ |
ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਦੇ ਮਾਮਲੇ ਵਿਚ ਸਰਕਾਰ ਦੇ ਵਾਅਦੇ ਤੇ ਦਾਅਵੇ ਹਕੀਕਤ ਤੋਂ ਦੂਰ
ਅਜੀਤ ਡੈਸਕ
21-09-2025