ਬਾਘਾ ਪੁਰਾਣਾ, 30 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ 'ਚ ਆਏ ਹੜ੍ਹਾਂ ਦੌਰਾਨ ਹੜ ਪੀੜਤ ਲੋਕਾਂ ਦੀ ਡਟ ਕੇ ਮਦਦ ਕਰੇਗੀ | ਇਹ ਪ੍ਰਗਟਾਵਾ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਕਿਉਂਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਹੜ੍ਹਾਂ ਨਾਲ ਨਿਪਟਣ ਲਈ ਤਿਆਰੀ ਕਰਨੀ ਹੁੰਦੀ ਹੈ ਪਰ ਪੰਜਾਬ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਕੁੰਭਕਰਨੀ ਨੀਂਦ ਸੁੱਤੀ ਰਹੀ ਅਤੇ ਪੰਜਾਬ 'ਚ ਹੜ੍ਹ ਆ ਜਾਣ ਦੇ ਬਾਵਜੂਦ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਸੂਬਿਆਂ ਦੇ ਦੌਰਿਆਂ ਵਿਚ ਮਗਨ ਰਿਹਾ ਤੇ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ | ਪ੍ਰਧਾਨ ਖੋਸਾ ਨੇ ਜਥੇਬੰਦੀ ਦੇ ਵਰਕਰਾਂ ਤੇ ਆਗੂਆਂ ਨੂੰ ਆਦੇਸ਼ ਦਿੱਤੇ ਕਿ ਤੁਰੰਤ ਹੜ ਪੀੜਤ ਪਰਿਵਾਰ ਦੀ ਮਦਦ ਲਈ ਜੁੱਟ ਜਾਣ ਅਤੇ ਹਰ ਮੈਂਬਰ ਇਸ 'ਚ ਆਪਣਾ ਯੋਗਦਾਨ ਪਾਵੇ | ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਆਪਣੇ ਫ਼ਰਜ਼ਾਂ ਤੋਂ ਭੱਜ ਜਾਂਦੀਆਂ ਹਨ ਤਾਂ ਫੇਰ ਸਮਾਜ ਭਲਾਈ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਲੋਕਾਂ ਨਾਲ ਖੜ੍ਹਦੀਆਂ ਹਨ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਆਪਣੇ ਫ਼ਰਜ਼ ਤੋਂ ਪਿੱਛੋਂ ਨਹੀਂ ਹਟੇਗੀ ਤੇ ਹੜ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕਰੇਗੀ | ਉਨ੍ਹਾਂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ, ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਅਤੇ ਬਲਾਕ ਸਕੱਤਰ ਲਖਵੀਰ ਸਿੰਘ ਕੋਮਲ ਵੀ ਹਾਜ਼ਰ ਸਨ | ਉਨ੍ਹਾਂ ਸਮੂਹ ਜ਼ਿਲਿ੍ਹਆਂ, ਬਲਾਕਾਂ ਤੇ ਪਿੰਡਾਂ ਦੀਆਂ ਇਕਾਈਆਂ ਨੂੰ ਤੁਰੰਤ ਇਸ ਕੰਮ ਲਈ ਜੁੱਟ ਜਾਣ ਦੀ ਅਪੀਲ ਕੀਤੀ |