22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਈ.ਟੀ.ਟੀ. ਅਧਿਆਪਕਾਂ ਦੀ ਬਦਲੀ ਲਾਗੂ ਕਰਵਾਉਣ ਲਈ ਡੀ.ਈ.ਓ. (ਐ:) ਮੋਗਾ ਦਾ ਘਿਰਾਓ, ਮੌਕੇ 'ਤੇ ਆਰਡਰ ਹੋਏ ਜਾਰੀ

ਅਜੀਤ ਡੈਸਕ 21-09-2025
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਕਰਨ ਦੇ ਬਾਵਜੂਦ ਮੋਗਾ ਜ਼ਿਲ੍ਹੇ ਵਿਚ ਈ.ਟੀ.ਟੀ. ਅਧਿਆਪਕਾਂ ਦੀ ਬਦਲੀ ਲਾਗੂ ਨਾ ਹੋਣ ਦੇ ਰੋਸ ਵਜੋਂ ਡੈਮੋਕਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਸਾਂਝੀ ਅਗਵਾਈ 'ਚ ਸੈਂਕੜੇ ਅਧਿਆਪਕਾਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਮੋਗਾ ਦੇ ਦਫ਼ਤਰ ਦਾ ਤਿੰਨ ਘੰਟੇ ਜ਼ਬਰਦਸਤ ਘਿਰਾਓ ਕੀਤਾ ਗਿਆ | ਅਧਿਆਪਕਾਂ ਦੇ ਸੰਘਰਸ਼ ਸਦਕਾ ਮੋਗਾ ਜ਼ਿਲ੍ਹੇ ਦੇ ਈ.ਟੀ.ਟੀ. ਅਧਿਆਪਕਾਂ ਦੀ ਬਦਲੀ ਦੇ ਆਰਡਰ ਲਾਗੂ ਕਰਨ ਦਾ ਪਿੱਠ ਅੰਕਣ ਪੱਤਰ ਮੌਕੇ 'ਤੇ ਜਾਰੀ ਕਰਵਾ ਕੇ ਸੰਬੰਧਿਤ ਜ਼ਿਲਿ੍ਹਆਂ ਤੱਕ ਈਮੇਲ ਕਰ ਦਿੱਤਾ ਗਿਆ, ਜਿੱਥੋਂ ਭਾਰ-ਮੁਕਤ ਹੋ ਕੇ ਇਹ ਅਧਿਆਪਕ ਹੁਣ ਮੋਗਾ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ 'ਚ ਹਾਜ਼ਰ ਹੋ ਸਕਣਗੇ | ਇਸ ਮੌਕੇ ਸੰਬੋਧਨ ਕਰਦੇ ਹੋਏ ਡੀ.ਟੀ.ਐਫ. ਦੇ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਸੂਬਾ ਸਕੱਤਰ ਸ਼ਲਿੰਦਰ ਕੰਬੋਜ ਨੇ ਦੱਸਿਆ ਕਿ ਪੰਜਾਬ ਦੇ ਬਾਕੀ ਜ਼ਿਲਿ੍ਹਆਂ 'ਚ ਹੋਈਆਂ ਅੰਤਰ ਜ਼ਿਲ੍ਹਾ ਬਦਲੀਆਂ ਲਾਗੂ ਹੋਣ ਤੋਂ ਬਾਅਦ ਈ.ਟੀ.ਟੀ. ਅਧਿਆਪਕ ਹਾਜ਼ਰ ਹੋ ਚੁੱਕੇ ਸਨ ਪਰੰਤੂ ਮੋਗਾ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵਲੋਂ ਇਨ੍ਹਾਂ ਬਦਲੀਆਂ ਨੂੰ ਮੋਗਾ ਜ਼ਿਲ੍ਹੇ ਵਿਚ ਲਾਗੂ ਕਰਨ ਤੋਂ ਪੋਸਟਾਂ ਦੀ ਪ੍ਰਵਾਨਗੀ ਨਾ ਹੋਣ ਦੇ ਹਵਾਲੇ ਨਾਲ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਸੀ | ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਇਸ ਰਵੱਈਏ ਦੇ ਰੋਸ ਵਜੋਂ ਅੱਜ ਡੈਮੋਕਰੈਟਿਕ ਟੀਚਰਜ਼ ਫ਼ਰੰਟ ਅਤੇ 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੱਦੇ 'ਤੇ ਮੋਗਾ ਜ਼ਿਲ੍ਹੇ ਦੇ ਨਾਲ-ਨਾਲ ਗੁਆਂਢੀ ਜ਼ਿਲਿ੍ਹਆਂ ਤੋਂ ਵੀ ਵੱਡੀ ਗਿਣਤੀ ਅਧਿਆਪਕਾਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਆਖ਼ਰ ਅਧਿਆਪਕਾਂ ਦੇ ਸੰਘਰਸ਼ ਦੀ ਜਿੱਤ ਹੋਈ ਅਤੇ ਦੇਰ ਸ਼ਾਮ ਨੂੰ ਲੋੜੀਂਦੇ ਆਰਡਰ ਜਾਰੀ ਕਰ ਦਿੱਤੇ ਗਏ | ਭਰਾਤਰੀ ਜਥੇਬੰਦੀਆਂ ਪੇਂਡੂ ਮਜ਼ਦੂਰ ਯੂਨੀਅਨ ਤੋਂ ਮੰਗਾ ਸਿੰਘ ਵੈਰੋਕੇ, ਕਿਰਤੀ ਕਿਸਾਨ ਯੂਨੀਅਨ ਤੋਂ ਯੂਥ ਵਿੰਗ ਦੇ ਕਨਵੀਨਰ ਤੀਰਥਵਿੰਦਰ ਸਿੰਘ ਘੱਲ ਕਲਾਂ ਅਤੇ ਮਾਸਟਰ ਕਾਡਰ ਯੂਨੀਅਨ ਤੋਂ ਬਲਜਿੰਦਰ ਸਿੰਘ ਧਾਲੀਵਾਲ ਸਮੁੱਚੇ ਸੰਘਰਸ਼ ਦੌਰਾਨ ਆਪਣੇ ਸਾਥੀਆਂ ਸਮੇਤ ਹਾਜ਼ਰ ਰਹੇ | ਇਸ ਮੌਕੇ 6635 ਈ.ਟੀ.ਟੀ. ਟੀਚਰਜ਼ ਯੂਨੀਅਨ ਤੋਂ ਸੂਬਾ ਪ੍ਰਧਾਨ ਦੀਪਕ ਕੰਬੋਜ, ਸੂਬਾ ਜਨਰਲ ਸਕੱਤਰ ਸ਼ਲਿੰਦਰ ਕੰਬੋਜ, ਸੁਮਿਤ ਕੰਬੋਜ, ਮੋਗਾ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ, ਅਮਿਤ ਕੁਮਾਰ, ਬੇਅੰਤ ਸਿੰਘ, ਪ੍ਰਦੀਪ ਕੁਮਾਰ, ਰਾਕੇਸ਼ ਕੁਮਾਰ, ਅਮਨਦੀਪ ਸਿੰਘ, ਹਰਦੀਪ ਸਿੰਘ, ਡੀ.ਟੀ.ਐਫ. ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ, ਸੰਦੀਪ ਸਿੰਘ ਮਖੂ, ਨਵਗੀਤ ਸਿੰਘ ਜਗਰਾਉਂ, ਗੁਰਵਿੰਦਰ ਸਿੰਘ ਖੋਸਾ ਅਤੇ ਭਾਰਤ ਭੂਸ਼ਨ ਹਾਜ਼ਰ ਸਨ |

ਪਿਛਲੀ ਖ਼ਬਰ ਸਟੇਟ ਹੈਲਥ ਏਜੰਸੀ ਪੰਜਾਬ ਦੀ ਟੀਮ ਵਲੋਂ ਮੋਗਾ ਦੇ ਪ੍ਰਾਈਵੇਟ ਹਸਪਤਾਲ ਦੀ ਅਚਨਚੇਤ ਚੈਕਿੰਗ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।