ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਮੋਗਾ ਵਿਖੇ ਸਕੂਲ ਦੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਨੇ ਆਪਣਾ ਜਨਮ ਦਿਨ ਸਕੂਲ 'ਚ ਬੂਟੇ ਲਗਾ ਕੇ ਮਨਾਇਆ ਅਤੇ ਸਾਰਿਆਂ ਨੂੰ ਇਹ ਸੁਨੇਹਾ ਦਿੱਤਾ ਕਿ ਹਰ ਖ਼ੁਸ਼ੀ ਦੇ ਮੌਕੇ 'ਤੇ ਇਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਿਆ ਭਰਿਆ ਤੇ ਸ਼ੁੱਧ ਵਾਤਾਵਰਨ ਦੇ ਸਕੀਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ, ਹਰਪ੍ਰੀਤ ਕੌਰ ਸਹਿਗਲ, ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਅਤੇ ਸਮੂਹ ਸਟਾਫ਼ ਹਾਜ਼ਰ ਸੀ | ਸਕੂਲ ਦੇ ਸਾਰੇ ਸਟਾਫ਼ ਨੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਨੂੰ ਮੁਬਾਰਕਬਾਦ ਦਿੱਤੀ | ਪਿ੍ੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿਚ ਹਰ ਖ਼ੁਸ਼ੀ ਦੇ ਮੌਕੇ 'ਤੇ ਬੂਟੇ ਲਗਾਏ ਜਾਂਦੇ ਹਨ | ਮਿਸ਼ਨ ਹਰਿਆਵਲ 2025 ਤਹਿਤ ਵੀ ਸਕੂਲ ਦੇ ਬੱਚਿਆਂ ਨੇ ਮਿਲ ਕੇ ਬਹੁਤ ਸਾਰੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਹਨ |