ਵਿਧਾਇਕ ਪ੍ਰੋ. ਗੱਜਣਮਾਜਰਾ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਤਾਰਾ ਫੀਡ ਦੇ ਟਰੱਕ ਰਵਾਨਾ
ਤਾਰਾ ਫੀਡ ਦੇ ਟਰੱਕ ਨੂੰ ਰਵਾਨਾ ਕਰਦੇ ਹੋਏ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਬਲਵੰਤ ਸਿੰਘ ਗੱਜਣਮਾਜਰਾ, ਸ਼ਾਕਿਬ ਅਲੀ ਰਾਜਾ, ਗੁਰਪ੍ਰੀਤ ਸਿੰਘ ਜਵੰਦਾ ਅਤੇ ਸਾਥੀ | ਤਸਵੀਰ : ਸਰੌਦ
<br/>
30-08-2025
ਮਲੇਰਕੋਟਲਾ, ਕੁੱਪ ਕਲਾਂ (ਮਨਜਿੰਦਰ ਸਿੰਘ ਸਰੌਦ, ਸੁਖਜਿੰਦਰ ਸਿੰਘ ਝੱਲ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਇੱਕ ਚੰਗੀ ਪਹਿਲ ਕਦਮੀ ਕਰਦਿਆਂ ਹੜ੍ਹ ਪੀੜਿਤ ਪਰਿਵਾਰਾਂ ਦੇ ਪਸ਼ੂਆਂ ਲਈ ਤਾਰਾ ਫੀਡ ਦੇ ਟਰੱਕਾਂ ਨੂੰ ਰਵਾਨਾ ਕਰਨ ਸਮੇਂ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਅੰਦਰ ਕੁਦਰਤੀਂ ਕਰੋਪੀ ਦੀ ਬਦੌਲਤ ਪੰਜਾਬੀਆਂ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ | ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਹੜ੍ਹ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰੀਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਤੌਰ ਤੇ ਇਨ੍ਹਾਂ ਪਰਿਵਾਰਾਂ ਦੇ ਲਈ ਵੱਖੋ-ਵੱਖ ਕਾਰਜ ਆਰੰਭ ਕੀਤੇ ਹਨ | ਪ੍ਰੋ. ਗੱਜਣਮਾਜਰਾ ਨੇ ਹਲਕਾ ਅਮਰਗੜ੍ਹ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੜ੍ਹ ਪੀੜਤਾਂ ਦੇ ਲਈ ਵੱਧ ਤੋਂ ਵੱਧ ਰਾਹਤ ਸਮਗਰੀ ਇਕੱਠੀ ਕਰ ਕੇ ਆਪਣਾ ਬਣਦਾ ਯੋਗਦਾਨ ਪਾਉਣ | ਉਨ੍ਹਾਂ ਤਾਰਾ ਹੈਲਥ ਫੂਡ ਵੱਲੋਂ ਫੀਡ ਦਾ ਟਰੱਕ ਡੇਰਾ ਬਾਬਾ ਨਾਨਕ ਲਈ ਰਵਾਨਾ ਕਰਨ ਸਮੇਂ ਆਖਿਆ ਕਿ ਅਗਲੇ ਸਮੇਂ ਨੂੰ ਹੋਰ ਵੀ ਰਾਹਤ ਸਮਗਰੀ ਹੜ੍ਹ ਦੀ ਮਾਰ ਝੱਲ ਰਹੇ ਇਲਾਕਿਆਂ ਦੇ ਅੰਦਰ ਭੇਜੀ ਜਾਵੇਗੀ | ਇਸ ਮੌਕੇ ਬਲਵੰਤ ਸਿੰਘ ਗੱਜਣਮਾਜਰਾ ਐਮ.ਡੀ. ਤਾਰਾ ਹੈਲਥ ਫੂਡ, ਜ਼ਿਲ੍ਹਾ ਪ੍ਰਧਾਨ ਸਾਕਿਬ ਅਲੀ ਰਾਜਾ, ਵਿੱਕੀ ਸ਼ਰਮਾ ਪ੍ਰਧਾਨ, ਪੀ.ਏ. ਅਭੀਜੋਤ ਸਿੰਘ ਨਾਗਰਾ, ਸੀਨੀਅਰ ਆਗੂ ਮੋਹਨਜੀਤ ਸਿੰਘ ਕੁੱਪ ਕਲਾਂ, ਚੌਧਰੀ ਨਿਸਾਰ ਮੁਹੰਮਦ, ਮਾਸਟਰ ਗੁਰਪ੍ਰੀਤ ਸਿੰਘ ਜਵੰਧਾ, ਫਰਦੀਪ ਸਿੰਘ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਸਤਵਿੰਦਰ ਸਿੰਘ, ਕਰਮਜੀਤ ਸਿੰਘ ਭੋਗੀਵਾਲ, ਗੁਰਤੇਜ ਸਿੰਘ, ਆਦਿ ਹਾਜ਼ਰ ਸਨ |