ਮਲੇਰਕੋਟਲਾ, 30 ਅਗਸਤ (ਮੁਹੰਮਦ ਹਨੀਫ਼ ਥਿੰਦ) - ਸਿਆਸੀ ਆਗੂ ਮੁਹੰਮਦ ਗੁਲਜ਼ਾਰ ਖ਼ਾਨ ਧਾਲੀਵਾਲ ਦੀ ਅਗਵਾਈ ਹੇਠ ਅਤੇ ਇਲਾਕੇ ਦੀਆਂ ਕਈ ਸ਼ਖ਼ਸੀਅਤਾਂ ਵਲੋਂ ਕੀਤੇ ਗਏ ਦਸਤਖਤਾਂ ਹੇਠ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਜਨਾਬ ਵਿਰਾਜ ਸ਼ਿਆਮਕਰਨ ਤਿੜਕੇ ਨੂੰ ਦਿੱਤਾ ਗਿਆ | ਜਿਸ ਵਿਚ ਗੁਲਜ਼ਰ ਖ਼ਾਨ ਧਾਲੀਵਾਲ ਅਤੇ ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਤੋਂ ਮੰਗ ਕੀਤੀ ਕਿ ਮਲੇਰਕੋਟਲਾ ਦੇ ਤਹਿਸੀਲ ਕੰਪਲੈਕਸ ਵਿਖੇ ਰਜਿਸਟਰੀਆਂ ਦੀ ਅਪੋਆਇੰਟਮੈਂਟ ਨੂੰ ਵਧਾਇਆ ਜਾਵੇ | ਗੁਲਜ਼ਾਰ ਖ਼ਾਨ ਧਾਲੀਵਾਲ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਕੰਪਲੈਕਸ ਮਲੇਰਕੋਟਲਾ ਵਿਖੇ ਪਹਿਲਾਂ ਰਜਿਸਟਰੀਆਂ ਦੀ ਅਪੋਆਇੰਟਮੈਂਟਾਂ ਦੀ ਗਿਣਤੀ 75 ਸੀ, ਪਰੰਤੂ ਸਰਕਾਰ ਵਲੋਂ ਹੁਣ ਰਜਿਸਟਰੀਆਂ ਦੀ ਅਪੋਇੰਟਮੈਂਟ ਨੂੰ 75 ਤੋਂ ਘਟਾ ਕੇ 55 ਕਰ ਦਿੱਤਾ ਗਿਆ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਤੋਂ ਮੰਗ ਕਰਦਿਆਂ ਕਿਹਾ ਕਿ ਮਲੇਰਕੋਟਲਾ ਜ਼ਿਲ੍ਹਾ ਹੋਣ ਕਰਕੇ ਤਹਿਸੀਲ ਕੰਪਲੈਕਸ ਮਲੇਰਕੋਟਲਾ ਵਿਚ ਹੁਣ ਰਜਿਸਟਰੀਆਂ ਦਾ ਕੰਮ ਦਿਨ ਵਾ ਦਿਨ ਵਧਦਾ ਹੀ ਜਾ ਰਿਹਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਰਜਿਸਟਰੀਆਂ ਦੀ ਅਪੋਇੰਟਮੈਂਟ ਨੂੰ 55 ਤੋਂ ਵਧਾ ਕੇ 100 ਕੀਤਾ ਜਾਣਾ ਚਾਹੀਦਾ ਹੈ | ਜਿਸ ਨਾਲ ਪੰਜਾਬ ਸਰਕਾਰ ਦੇ ਮਾਲੀਏ ਵਿਚ ਵੀ ਇਜ਼ਾਫਾ ਹੋਵੇਗਾ |