ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ) - ਸੰਗਰੂਰ ਬੇਹਾਲ ਹੈ, ਸ਼ਹਿਰ ਦੀਆਂ ਕਈ ਕਲੋਨੀਆਂ ਵਿਚ ਸੀਵਰੇਜ ਨਿਕਾਸੀ ਗੜਬੜਾਈ ਹੋਈ ਹੈ | ਥਾਂ-ਥਾਂ ਸਟਰੀਟ ਲਾਈਟਾਂ ਬੰਦ ਹੋ ਚੁੱਕੀਆਂ ਹਨ | ਜੇਕਰ ਲੋਕ ਬਾਜ਼ਾਰ ਆਉਂਦੇ ਹਨ ਤਾਂ ਟਰੈਫ਼ਿਕ ਜਾਮ ਦੀ ਸਮੱਸਿਆ ਪ੍ਰੇਸ਼ਾਨ ਕਰਦੀ ਹੈ | ਇਸ ਦਾ ਨੋਟਿਸ ਲੈਂਦਿਆਂ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਅਤੇ ਐਡਵੋਕੇਟ ਦਲਜੀਤ ਸਿੰਘ ਸੇਖੋਂ ਨੇ ਅਦਾਲਤ ਵਿਚ ਪਟੀਸ਼ਨ ਪਾਉਣ ਦਾ ਫੈਸਲਾ ਕੀਤਾ ਹੈ | ਵਕੀਲ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਸਵੱਛ ਭਾਰਤ ਦਾ ਨਾਅਰਾ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ ਥਾਂ-ਥਾਂ ਸੀਵਰੇਜ ਓਵਰ ਫਲੋਅ ਅਤੇ ਕੂੜੇ ਦੇ ਡੰਪ, ਭਾਰਤ ਸਰਕਾਰ ਵਲੋ ਦਿੱਤੇ ਸਵੱਛ ਭਾਰਤ ਦੇ ਨਾਅਰਿਆਂ ਦਾ ਮਖ਼ੌਲ ਉਡਾਉਂਦੇ ਹਨ | ਘਰਾਂ-ਦੁਕਾਨਾਂ ਵਿਚੋਂ ਨਿਕਲਦੇ ਕੂੜੇ ਦਾ ਸਹੀ ਤਰੀਕੇ ਨਾਲ ਨਿਪਟਾਰਾ ਕਰਨ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਇੱਥੇ ਤਾਂ ਕੂੜਾ ਚੁੱਕਿਆ ਹੀ ਨਹੀਂ ਜਾਂਦਾ | ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਬਾਹਰ ਰੱਖਿਆ ਜਾਂਦਾ ਸਮਾਨ ਅਤੇ ਸੜਕ ਕਿਰਾਏ 'ਤੇ ਦੇ ਕੇ ਲਗਵਾਈਆਂ ਜਾਂਦੀ ਰੇਹੜੀਆਂ ਟਰੈਫ਼ਿਕ ਜਾਮ ਦਾ ਕਾਰਨ ਬਣ ਰਹੀਆਂ ਹਨ ਪਰ ਇਸ ਦਾ ਕਿਧਰੇ ਵੀ ਕੋਈ ਹੱਲ ਨਜ਼ਰ ਨਹੀਂ ਆ ਰਿਹਾ | ਇਸ ਤੋਂ ਇਲਾਵਾ ਨਿੱਤ ਹੋ ਰਹੀਆਂ ਚੋਰੀਆਂ ਨੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ | ਵਕੀਲ ਆਗੂਆਂ ਨੇ ਕਿਹਾ ਕਿ ਸ਼ਹਿਰ ਵਾਸੀ ਬਹੁਤ ਪ੍ਰੇਸ਼ਾਨ ਹਨ ਅਤੇ ਬੇਸਬਰੀ ਨਾਲ 2027 ਦੀ ਉਡੀਕ ਕਰ ਰਹੇ ਹਨ |