21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੰਜਾਬ ਸਰਕਾਰ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ - ਚੀਮਾ

ਅਜੀਤ ਡੈਸਕ 21-09-2025
ਦਿੜ੍ਹਬਾ ਮੰਡੀ, 20 ਸਤੰਬਰ (ਹਰਬੰਸ ਸਿੰਘ ਛਾਜਲੀ) - ਸ਼ਹੀਦ ਬਚਨ ਸਿੰਘ ਸਟੇਡੀਅਮ ਦਿੜ੍ਹਬਾ ਵਿਖੇ ਸੀ.ਬੀ.ਐਸ.ਈ. ਵਲੋਂ ਰਾਸ਼ਟਰੀ ਪੱਧਰ ਦੇ ਤੀਰ ਅੰਦਾਜ਼ੀ ਦੇ ਮੁਕਾਬਲਿਆਂ ਦਾ ਉਦਘਾਟਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ | ਜੀ.ਸੀ.ਐਮ. ਕਾਨਵੈਂਟ ਸਕੂਲ ਦਿੜ੍ਹਬਾ ਦੀ ਪ੍ਰਾਹੁਣਚਾਰੀ ਹੇਠ ਸੀ.ਬੀ.ਐਸ.ਈ. ਬੋਰਡ ਨਾਲ ਸਬੰਧਿਤ ਸਕੂਲਾਂ ਦੇ ਵੱਖ-ਵੱਖ ਵਰਗਾਂ ਦੇ ਨੈਸ਼ਨਲ ਪੱਧਰ ਦੇ ਤੀਰ ਅੰਦਾਜ਼ੀ ਦੇ ਮੁਕਾਬਲਿਆਂ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੀ.ਬੀ.ਐਸ.ਈ. ਨਾਲ ਸੰਬੰਧਿਤ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ | ਸ. ਚੀਮਾ ਨੇ ਕਿਹਾ ਕਿ ਬਚਨ ਸਿੰਘ ਸਟੇਡੀਅਮ ਦਿੜ੍ਹਬਾ ਪਹਿਲਾਂ ਹੀ ਕੌਮੀ ਤੌਰ 'ਤੇ ਆਪਣੀ ਪਛਾਣ ਬਣਾ ਚੁੱਕਾ ਹੈ | ਜਿੱਥੇ ਇਹ ਖੇਡ ਸਟੇਡੀਅਮ ਨੇ ਸੈਂਕੜੇ ਹੀ ਕਬੱਡੀ ਦੇ ਖਿਡਾਰੀ ਪੈਦਾ ਕੀਤੇ ਹਨ ਉੱਥੇ ਰਾਸ਼ਟਰੀ ਪੱਧਰ ਦੇ ਤੀਰ ਅੰਦਾਜ਼ੀ ਦੇ ਮੁਕਾਬਲੇ ਕਰਵਾਏ ਜਾਣ ਨਾਲ ਹੋਰ ਵੀ ਪਹਿਚਾਣ ਵਧੀ ਹੈ | ਉਨ੍ਹਾਂ ਕਿਹਾ ਕਿ ਖੇਡਾਂ ਜੀਵਨ ਦਾ ਇੱਕ ਮੁੱਖ ਅੰਗ ਹਨ | ਖੇਡਾਂ ਨਾਲ ਜਿੱਥੇ ਸਰੀਰਕ ਤੌਰ 'ਤੇ ਮਨੁੱਖ ਤੰਦਰੁਸਤ ਰਹਿੰਦਾ ਹੈ, ਉੱਥੇ ਹੀ ਦਿਮਾਗ਼ੀ ਤੌਰ 'ਤੇ ਵੀ ਸ਼ਕਤੀਸ਼ਾਲੀ ਬਣ ਜਾਂਦਾ ਹੈ | ਤੀਰ ਅੰਦਾਜ਼ੀ ਅਜਿਹੀ ਖੇਡ ਹੈ ਜਿਸ ਵਿਚ ਦਿਮਾਗ਼ ਦਾ ਸ਼ਕਤੀਸ਼ਾਲੀ ਅਤੇ ਇਕਾਗਰਤਾ ਰੂਪੀ ਹੋਣਾ ਬਹੁਤ ਜ਼ਰੂਰੀ ਹੈ | ਜਿਸ ਨਾਲ ਮਨੁੱਖ ਜਿਵੇਂ ਇਹ ਖਿਡਾਰੀ ਇੱਕ ਟਾਰਗੈਟ ਲੈ ਕੇ ਨਿਸ਼ਾਨਾ ਲਗਾਉਂਦੇ ਹਨ ਉਸੇ ਤਰ੍ਹਾਂ ਜ਼ਿੰਦਗੀ ਨੂੰ ਵੀ ਇੱਕ ਟਾਰਗੈਟ ਬਣਾ ਕੇ ਖ਼ੂਬਸੂਰਤੀ ਨਾਲ ਜੀਆ ਜਾ ਸਕਦਾ ਹੈ | ਸ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ | ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ | ਖਿਡਾਰੀਆਂ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਪਿੰਡਾਂ ਅਤੇ ਸ਼ਹਿਰਾਂ ਵਿਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ | ਦਿੜ੍ਹਬਾ ਵਿਖੇ ਇੰਨਡੋਰ ਸਟੇਡੀਅਮ ਬਣਾਇਆ ਜਾ ਰਿਹਾ ਹੈ | ਇਸ ਮੌਕੇ ਜੀ.ਸੀ.ਐਮ ਸਕੂਲ ਦੇ ਡਾਇਰੈਕਟਰ ਨੀਰਜ ਬਾਂਸਲ, ਐਮ.ਡੀ. ਰੌਕੀ ਮੋਦੀ, ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਨਗਰ ਪੰਚਾਇਤ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਲੈਬ ਸਹਾਇਕ ਯੂਨੀਅਨ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਅਗਲੀ ਖ਼ਬਰ ਸੰਗਰੂਰ ਬੇਹਾਲ :- ਸੀਵਰੇਜ ਓਵਰ ਫਲੋਅ ਅਤੇ ਸਟਰੀਟ ਲਾਈਟਾਂ ਦੀ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।