ਲਹਿਰਾਗਾਗਾ, 20 ਸਤੰਬਰ (ਅਸ਼ੋਕ ਗਰਗ) - ਕਰਨਲ ਕਾਲਜ ਆਫ ਐਜੂਕੇਸ਼ਨ ਚੂਲੜ ਕਲਾਂ ਦੀ ਕਾਰਜਕਾਰੀ ਪਿ੍ੰਸੀਪਲ ਪ੍ਰੋ. ਪੂਜਾ ਰਾਠੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖਿਆ ਅਤੇ ਕਮਿਊਨਿਟੀ ਸਰਵਿਸ ਵਿਭਾਗ ਵਿਚ ਆਪਣੀ ਪੀ.ਐਚ.ਡੀ.ਦੀ ਵਾਈਵਾ-ਵੋਸ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ | ਇਹ ਵਾਈਵਾ ਪ੍ਰੋ. ਡਾ.ਸਤਵਿੰਦਰ ਕੌਰ, ਮੁਖੀ ਸਿੱਖਿਆ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਇਆ ਗਿਆ | ਇਸ ਮੌਕੇ ਪ੍ਰੋ. ਡਾ. ਜਗਪ੍ਰੀਤ ਕੌਰ, ਮੁਖੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਗਗਨਦੀਪ ਠਾਪਾ ਅਤੇ ਹੋਰ ਪ੍ਰਸਿੱਧ ਅਕਾਦਮਿਕ ਵੀ ਹਾਜ਼ਰ ਸਨ | ਪ੍ਰੋ. ਪੂਜਾ ਰਾਠੀ ਨੇ 'ਪੰਜਾਬ ਦੇ ਸੀਨੀਅਰ ਸੈਕੰਡਰੀ ਵਿਦਿਆਰਥੀਆਂ ਦੀ ਸਵੈ-ਨਿਯੰਤਰਣ ਸਮਰੱਥਾ ਦਾ ਉਨ੍ਹਾਂ ਦੀਆਂ ਆਧਿਆਤਮਿਕ ਬੁੱਧੀ, ਸਵੈ-ਕਾਰਗੁਜ਼ਾਰੀ ਅਤੇ ਭਾਵਨਾਤਮਕ ਪਰਿਪਕਵਤਾ ਨਾਲ ਸੰਬੰਧ' ਵਿਸ਼ੇ 'ਤੇ ਆਪਣਾ ਖੋਜ ਕਾਰਜ ਪੂਰਾ ਕੀਤਾ | ਉਨ੍ਹਾਂ ਨੇ ਇਹ ਖੋਜ ਡਾ. ਤਪਨ ਕੁਮਾਰ ਸਾਹੂ, ਪਿ੍ੰਸੀਪਲ, ਐਸ.ਡੀ. ਕਾਲਜ ਆਫ ਐਜੂਕੇਸ਼ਨ, ਬਰਨਾਲਾ ਦੀ ਰਹਿਨੁਮਾਈ ਹੇਠ ਪੂਰੀ ਕੀਤੀ | ਥੀਸਿਸ ਦੀ ਸਫਲ ਡਿਫੈਂਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਤੌਰ 'ਤੇ ਪੀ.ਐਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ | ਕਰਨਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਕਰਨਲ ਓ.ਪੀ ਰਾਠੀ ਅਤੇ ਚੇਅਰਮੈਨ ਮੈਡਮ ਸੀ.ਕੇ ਰਾਠੀ ਅਤੇ ਮੈਨੇਜਿੰਗ ਡਾਇਰੈਕਟਰ ਨਰੇਸ਼ ਰਾਠੀ, ਪਿ੍ੰਸੀਪਲ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਡਾ. ਪੂਜਾ ਰਾਠੀ ਨੂੰ ਇਸ ਮਹੱਤਵਪੂਰਣ ਅਕਾਦਮਿਕ ਪ੍ਰਾਪਤੀ ਲਈ ਵਧਾਈ ਦਿੱਤੀ |