'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਦੀ ਕਹਾਵਤ ਭਾਵੇਂ ਪਿਛਲੀਆਂ ਸਦੀਆਂ ਵਿਚ ਕੇਂਦਰੀ ਏਸ਼ੀਆ ਤੋਂ ਹਮਲਾਵਰਾਂ ਦੇ ਵਾਰ-ਵਾਰ ਪੰਜਾਬ 'ਤੇ ਹਮਲੇ ਕਰਨ ਅਤੇ ਪੰਜਾਬ ਦੇ ਬਸ਼ਿੰਦਿਆਂ ਵਲੋਂ ਉਨ੍ਹਾਂ ਦਾ ਨਿਰੰਤਰ ਮੁਕਾਬਲਾ ਕਰਨ ਦੇ ਸੰਦਰਭ ਵਿਚ ਪ੍ਰਚੱਲਿਤ ਹੋਈ ਸੀ, ਪਰ ਕਈ ਪਹਿਲੂਆਂ ਤੋਂ ਇਹ ਕਹਾਵਤ ਅੱਜ ਵੀ ਪ੍ਰਸੰਗਿਕ ਹੈ। ਅੱਜ ਵੀ ਅਨੇਕਾਂ ਦਿਸ਼ਾਵਾਂ ਅਤੇ ਅਨੇਕਾਂ ਪਹਿਲੂਆਂ ਤੋਂ ਪੰਜਾਬ ਅਤੇ ਪੰਜਾਬੀਆਂ ਨੂੰ ਵੱਡੀਆਂ ਚੁਣੌਤੀਆਂ ਦਾ ਵਾਰ-ਵਾਰ ਸਾਹਮਣਾ ਕਰਨਾ ਪੈ ਰਿਹਾ ਹੈ।
ਅਜੋਕੇ ਸਮੇਂ ਵਿਚ ਵੀ ਜਿਥੇ ਪੰਜਾਬੀਆਂ ਨੂੰ ਕੇਂਦਰੀ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਅਤੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵਿਰੁੱਧ ਛੇੜੀ ਗਈ ਅਸਿੱਧੀ ਜੰਗ (Prox਼ war) ਦਾ ਵੀ ਜ਼ਿਆਦਾ ਸੰਤਾਪ ਪੰਜਾਬ ਨੂੰ ਹੀ ਭੁਗਤਣਾ ਪੈ ਰਿਹਾ ਹੈ। ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵਿਰੋਧੀ ਸ਼ਕਤੀਆਂ ਵਲੋਂ ਉਥੇ ਦੀ ਸਥਾਪਤੀ ਦੀ ਮਿਲੀ ਭੁਗਤ ਨਾਲ ਜੋ ਘਾਤਕ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਡਰੋਨਾਂ ਰਾਹੀਂ ਭਾਰਤ ਅੰਦਰ ਤਸਕਰੀ ਕੀਤੀ ਜਾ ਰਹੀ ਹੈ, ਉਸ ਤੋਂ ਵੀ ਜ਼ਿਆਦਾ ਪੰਜਾਬ ਹੀ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਵਿਚ ਹੀ ਵਧੇਰੇ ਨਸ਼ੀਲੇ ਪਦਾਰਥ ਅਤੇ ਹਥਿਆਰ ਸੁੱਟੇ ਜਾ ਰਹੇ ਹਨ। ਇਸ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਕਿ ਇਨ੍ਹਾਂ ਨੂੰ ਪ੍ਰਾਪਤ ਕਰਨ ਵਾਲੇ ਵੀ ਵਧੇਰੇ ਗਿਣਤੀ ਵਿਚ ਪੰਜਾਬ ਦੇ ਰਹਿਣ ਵਾਲੇ ਅਜਿਹੇ ਸਮਾਜ ਵਿਰੋਧੀ ਅਨਸਰ ਹਨ, ਜਿਨ੍ਹਾਂ ਨੂੰ ਪੰਜਾਬੀ ਕਹਿਣਾ ਵੀ ਔਖਾ ਲਗਦਾ ਹੈ। ਪਰ ਇਸ ਵਰਤਾਰੇ ਦਾ ਬਿਨਾਂ ਸ਼ੱਕ ਵੱਡਾ ਭੋਗੀ ਪੰਜਾਬ ਹੀ ਹੈ। ਇਸੇ ਦਰਮਿਆਨ ਕੁਦਰਤ ਵੀ ਵਾਰ-ਵਾਰ ਪੰਜਾਬੀਆਂ ਦਾ ਇਮਤਿਹਾਨ ਲੈ ਰਹੀ ਹੈ। ਪਿਛਲੇ ਕੁਝ ਦਹਾਕਿਆਂ ਵਿਚ ਭਾਰਤ ਦੇ ਪਹਾੜੀ ਰਾਜਾਂ ਉਤਰਾਖੰਡ, ਜੰਮੂ-ਕਸ਼ਮੀਰ, ਹਿਮਾਚਲ ਤੇ ਹਰਿਆਣਾ ਦੇ ਨਾਲ-ਨਾਲ ਪੰਜਾਬ ਨੂੰ ਵੀ ਹੜ੍ਹਾਂ ਕਾਰਨ ਵੱਡੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਹੈ। ਸੰਨ 1988 ਵਿਚ ਪੰਜਾਬ 'ਚ ਹੜ੍ਹਾਂ ਕਾਰਨ ਹੋਈ ਤਬਾਹੀ ਅੱਜ ਵੀ ਲੋਕਾਂ ਨੂੰ ਯਾਦ ਹੈ। ਜਦੋਂ ਰਾਜ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ ਅਤੇ ਬਹੁਤ ਸਾਰੀਆਂ ਮੁੱਖ ਸੜਕਾਂ ਵੀ ਟੁੱਟ ਗਈਆਂ ਸਨ। 3 ਲੱਖ ਏਕੜ ਵਿਚ ਕਾਸ਼ਤ ਕੀਤੀਆਂ ਗਈਆਂ ਫ਼ਸਲਾਂ ਤਬਾਹ ਹੋ ਗਈਆਂ ਸਨ। 2010 ਵਿਚ ਵੀ ਹੜ੍ਹਾਂ ਕਾਰਨ ਪੰਜਾਬ ਦੇ 20 ਜ਼ਿਲ੍ਹੇ ਪ੍ਰਭਾਵਿਤ ਹੋਏ ਸਨ ਅਤੇ ਦੋ ਲੱਖ ਏਕੜ ਜ਼ਮੀਨ 'ਚ ਬੀਜੀਆਂ ਗਈਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। 2013 'ਚ ਆਏ ਭਿਆਨਕ ਹੜ੍ਹਾਂ ਦਾ ਰਾਜ ਦੇ 10 ਜ਼ਿਲ੍ਹਿਆਂ 'ਤੇ ਅਸਰ ਪਿਆ ਸੀ ਅਤੇ 4.43 ਲੱਖ ਏਕੜ ਵਿਚ ਖੜ੍ਹੀਆਂ ਫ਼ਸਲਾਂ ਬਰਬਾਦ ਹੋ ਗਈਆਂ ਸਨ। 2019 ਵਿਚ ਆਏ ਹੜ੍ਹਾਂ ਕਾਰਨ ਜਲੰਧਰ, ਕਪੂਰਥਲਾ, ਰੂਪਨਗਰ ਅਤੇ ਲੁਧਿਆਣਾ ਆਦਿ ਜ਼ਿਲ੍ਹਿਆਂ ਦੇ 300 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਸਨ ਅਤੇ ਇਨ੍ਹਾਂ ਹੜ੍ਹਾਂ ਕਾਰਨ ਵੀ ਹਜ਼ਾਰਾਂ ਏਕੜਾਂ 'ਚ ਕਾਸ਼ਤ ਕੀਤੀਆਂ ਗਈਆਂ ਫ਼ਸਲਾਂ ਦਾ ਨੁਕਸਾਨ ਹੋਇਆ ਸੀ। ਇਸੇ ਤਰ੍ਹਾਂ 2023 ਵਿਚ ਵੱਡੀ ਪੱਧਰ 'ਤੇ ਆਏ ਹੜ੍ਹਾਂ ਕਾਰਨ ਰਾਜ ਦੇ 19 ਜ਼ਿਲ੍ਹੇ ਪ੍ਰਭਾਵਿਤ ਹੋਏ ਸਨ, ਖ਼ਾਸ ਕਰਕੇ ਪਟਿਆਲਾ, ਮੁਹਾਲੀ, ਤਰਨਤਾਰਨ ਅਤੇ ਫਤਹਿਗੜ੍ਹ ਸਾਹਿਬ 'ਚ ਭਾਰੀ ਨੁਕਸਾਨ ਹੋਇਆ ਸੀ। ਔਸਤਨ 3 ਲੱਖ ਏਕੜਾਂ 'ਚ ਕਾਸ਼ਤ ਕੀਤੀਆਂ ਫ਼ਸਲਾਂ ਬਰਬਾਦ ਹੋ ਗਈਆਂ ਸਨ।
ਪਿਛਲੇ ਕੁਝ ਦਿਨਾਂ ਤੋਂ ਹੜ੍ਹਾਂ ਕਾਰਨ ਪੰਜਾਬ ਵਿਚ ਜੋ ਬਰਬਾਦੀ ਹੋ ਰਹੀ ਹੈ, ਉਹ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ। ਹਿਮਾਚਲ ਵਿਚ ਭਾਰੀ ਬਾਰਿਸ਼ ਪੈਣ ਕਾਰਨ ਪੰਜਾਬ ਰਾਜ 'ਚ ਵਗਣ ਵਾਲੇ ਦਰਿਆ ਸਤਲੁਜ, ਬਿਆਸ ਅਤੇ ਰਾਵੀ ਨਿੱਤ ਨਵੀਂ ਤਬਾਹੀ ਅਤੇ ਬਰਬਾਦੀ ਦੀਆਂ ਖ਼ਬਰਾਂ ਦੇ ਰਹੇ ਹਨ। ਇਸ ਵਾਰ ਵੀ ਦਰਿਆਵਾਂ ਨਾਲ ਲਗਦੇ ਜ਼ਿਲ੍ਹੇ ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ ਅਤੇ ਪਠਾਨਕੋਟ ਵਧੇਰੇ ਪ੍ਰਭਾਵਿਤ ਹੋਏ ਹਨ। ਇਹ ਲੇਖ ਲਿਖੇ ਜਾਣ ਤੱਕ ਵੀ ਵੱਖ-ਵੱਖ ਇਲਾਕਿਆਂ ਤੋਂ ਦਰਿਆਵਾਂ ਵਿਚ ਵੱਡੀ ਪੱਧਰ 'ਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਦਰਿਆ ਨਵੇਂ ਤੋਂ ਨਵੇਂ ਖ਼ੇਤਰਾਂ ਨੂੰ ਆਪਣੀ ਲਪੇਟ ਵਿਚ ਲੈਂਦੇ ਜਾ ਰਹੇ ਹਨ। ਮਾਧੋਪੁਰ ਵਿਚ ਰਾਵੀ 'ਤੇ ਬਣੇ ਹੈੱਡਵਰਕਸ ਦੇ ਕਈ ਗੇਟ ਟੁੱਟ ਗਏ ਹਨ, ਜਿਸ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ, ਅਜਨਾਲਾ ਤੇ ਹੋਰ ਇਲਾਕੇ ਹੋਰ ਵਧੇਰੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਵੀ ਵਿਸ਼ੇਸ਼ ਤੌਰ 'ਤੇ ਵਧੇਰੇ ਪ੍ਰਭਾਵਿਤ ਹੋਏ ਹਨ। ਫਿਰੋਜ਼ਪੁਰ ਦੇ ਦਰਜਨਾਂ ਪਿੰਡਾਂ ਵਿਚ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਵਲੋਂ ਪਾਣੀ ਵਿਚ ਘਿਰੇ ਲੋਕਾਂ ਨੂੰ ਕੱਢ ਕੇ 12 ਕੈਂਪਾਂ ਵਿਚ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਰ ਜ਼ਿਲ੍ਹਿਆਂ ਵਿਚ ਵੀ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਰੱਖਣ ਦਾ ਅਮਲ ਚੱਲ ਰਿਹਾ ਹੈ। ਹੁਣ ਤੱਕ ਦੀਆਂ ਖ਼ਬਰਾਂ ਅਨੁਸਾਰ ਰਾਜ ਵਿਚ 24 ਤੋਂ ਵੱਧ ਲੋਕਾਂ ਦੀਆਂ ਹੜ੍ਹ ਕਾਰਨ ਮੌਤਾਂ ਵੀ ਹੋ ਗਈਆਂ ਹਨ। ਸਮੁੱਚੇ ਤੌਰ 'ਤੇ 500 ਤੋਂ ਵੱਧ ਪਿੰਡਾਂ 'ਚ ਪਾਣੀ ਭਰ ਗਿਆ ਹੈ। 16 ਹਜ਼ਾਰ ਤੋਂ ਵੱਧ ਲੋਕਾਂ ਨੂੰ ਹੜ੍ਹ ਮਾਰੇ ਖੇਤਰਾਂ ਵਿਚੋਂ ਬਾਹਰ ਕੱਢਿਆ ਗਿਆ ਹੈ। ਇਕ ਅੰਦਾਜ਼ੇ ਮੁਤਾਬਿਕ 2.90 ਲੱਖ ਏਕੜ ਰਕਬੇ ਵਿਚ ਫ਼ਸਲਾਂ ਦਾ ਨੁਕਸਾਨ ਹੋ ਗਿਆ ਹੈ। ਬਿਨਾਂ ਸ਼ੱਕ ਸਥਾਨਕ ਪ੍ਰਸ਼ਾਸਨ, ਐਨ. ਡੀ. ਆਰ. ਐਫ., ਥਲ ਫ਼ੌਜ ਅਤੇ ਹਵਾਈ ਫ਼ੌਜ ਵਲੋਂ ਵੱਖ-ਵੱਖ ਇਲਾਕਿਆਂ ਵਿਚ ਰਾਹਤ ਕਾਰਜ ਆਰੰਭੇ ਗਏ ਹਨ। ਇਸ ਸਮੇਂ ਸਾਰਾ ਜ਼ੋਰ ਪਾਣੀ ਵਿਚ ਘਿਰੇ ਪਿੰਡਾਂ ਦੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਆਉਣ 'ਤੇ ਲੱਗ ਰਿਹਾ ਹੈ।
ਸਮੁੱਚੇ ਤੌਰ 'ਤੇ ਇਨ੍ਹਾਂ ਹੜ੍ਹਾਂ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਦਾ ਕਿੰਨਾ ਤੇ ਕਿਹੋ ਜਿਹਾ ਨੁਕਸਾਨ ਹੋਇਆ ਹੈ, ਇਸ ਦੀ ਹਕੀਕੀ ਜਾਣਕਾਰੀ ਤਾਂ ਬਾਅਦ ਵਿਚ ਸਾਹਮਣੇ ਆਵੇਗੀ ਪਰ ਪ੍ਰਤੱਖ ਤੌਰ 'ਤੇ ਇਹ ਨਜ਼ਰ ਆ ਰਿਹਾ ਹੈ ਕਿ ਕਿਸਾਨਾਂ ਅਤੇ ਖੇਤੀਬਾੜੀ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ। ਇਥੋਂ ਤੱਕ ਵੀ ਖ਼ਬਰਾਂ ਆ ਰਹੀਆਂ ਹਨ ਕਿ ਬਹੁਤੀਆਂ ਥਾਵਾਂ 'ਤੇ ਕਿਸਾਨ ਅਤੇ ਦਿਹਾਤੀ ਲੋਕ ਆਪਣੇ ਪਸ਼ੂਆਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਲਿਆਉਣ ਵਿਚ ਅਸਫਲ ਰਹੇ ਹਨ ਅਤੇ ਬਹੁਤ ਸਾਰੇ ਪਸ਼ੂ ਹੜ੍ਹਾਂ ਵਿਚ ਵਹਿ ਗਏ ਹਨ, ਬਹੁਤ ਸਾਰੇ ਮਰ ਵੀ ਗਏ ਹਨ।
ਇਸ ਨੁਕਸਾਨ ਲਈ ਕੁਦਰਤ ਕਿੰਨੀ ਜ਼ਿੰਮੇਵਾਰ ਹੈ ਅਤੇ ਮਨੁੱਖ ਵਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਕਿਸ ਹੱਦ ਤੱਕ ਜ਼ਿੰਮੇਵਾਰ ਹੈ, ਪੰਜਾਬ ਦੀਆਂ ਸਰਕਾਰਾਂ ਵਾਰ-ਵਾਰ ਆਉਂਦੇ ਹੜ੍ਹਾਂ ਨਾਲ ਨਿਪਟਣ ਲਈ ਕੋਈ ਠੋਸ ਯੋਜਨਾਬੰਦੀ ਕਰਨ ਵਿਚ ਕਿਉਂ ਅਸਫਲ ਰਹੀਆਂ ਹਨ, ਪੈਦਾ ਹੋਏ ਮੌਜੂਦਾ ਸੰਤਾਪ ਨਾਲ ਪ੍ਰਸ਼ਾਸਨ ਕਿੰਨੀ ਕੁ ਸਫਲਤਾ ਨਾਲ ਨਿਪਟ ਰਿਹਾ ਹੈ ਜਾਂ ਨਹੀਂ ਨਿਪਟ ਰਿਹਾ, ਇਹ ਸਾਰੇ ਸੰਬੰਧੀ ਸਵਾਲ ਕਰਨ ਜਾਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣੇ ਵੀ ਜ਼ਰੂਰੀ ਹਨ, ਪਰ ਇਸ ਲਈ ਅਜੇ ਇਹ ਢੁਕਵਾਂ ਸਮਾਂ ਨਹੀਂ ਹੈ। ਇਸ ਸਮੇਂ ਤਾਂ ਮੁੱਖ ਲੋੜ ਇਹ ਹੈ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਅਤੇ ਦਿਹਾਤੀ ਲੋਕਾਂ, ਜੋ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਦੀ ਬਾਂਹ ਫੜੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸੰਬੰਧ ਵਿਚ ਪਹਿਲ ਕਰਦਿਆਂ ਰਾਜ ਦੇ ਵੱਖ-ਵੱਖ ਖੇਤਰਾਂ ਵਿਚ ਸਥਿਤ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਕਿਹਾ ਹੈ। ਇਹ ਚੰਗੀ ਗੱਲ ਹੈ, ਪਰ ਉਸ ਨੂੰ ਅਜਿਹੀਆਂ ਹਦਾਇਤਾਂ ਦੇ ਕੇ ਸੁਰਖਰੂ ਨਹੀਂ ਹੋ ਜਾਣਾ ਚਾਹੀਦਾ। ਸਗੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਆਪ ਦੇਖਣਾ ਚਾਹੀਦਾ ਹੈ ਕਿ ਕਿਹੜੇ-ਕਿਹੜੇ ਪ੍ਰਭਾਵਿਤ ਇਲਾਕਿਆਂ ਵਿਚ ਕਿਹੜੇ-ਕਿਹੜੇ ਗੁਰਦੁਆਰਾ ਸਾਹਿਬ ਤੋਂ ਲੋਕਾਂ ਨੂੰ ਲੰਗਰ ਅਤੇ ਹੋਰ ਲੋੜੀਂਦੀ ਸਹਾਇਤਾ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਰਾਜ ਦੀਆਂ ਹੋਰ ਰਾਜਨੀਤਕ, ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਇਥੋਂ ਤੱਕ ਕਿ ਆਮ ਸਰਦੇ-ਪੁਜਦੇ ਲੋਕਾਂ ਨੂੰ ਵੀ ਆਪੋ-ਆਪਣੇ ਢੰਗ ਨਾਲ ਕਿਸਾਨਾਂ ਅਤੇ ਹੋਰ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਉਣਾ ਚਾਹੀਦਾ ਹੈ। ਰਾਜ ਦੇ ਵੱਖ-ਵੱਖ ਖੇਤਰਾਂ ਤੋਂ ਹੁਣ ਇਹ ਖ਼ਬਰਾਂ ਆ ਵੀ ਰਹੀਆਂ ਹਨ ਕਿ ਸਰਕਾਰ ਪ੍ਰਸ਼ਾਸਨ ਦੇ ਨਾਲ-ਨਾਲ ਹੋਰ ਰਾਜਨੀਤਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੀ ਹੜ੍ਹ ਪੀੜਤ ਲੋਕਾਂ ਦੀ ਮਦਦ 'ਤੇ ਆ ਗਈਆਂ ਹਨ। ਲੰਗਰ ਲਾਏ ਜਾ ਰਹੇ ਹਨ ਤੇ ਲੋੜੀਂਦੀਆਂ ਹੋਰ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਪੰਜਾਬ ਦੀ ਇਹ ਇਕ ਚੰਗੀ ਪਰੰਪਰਾ ਹੈ, ਇਸ ਨੂੰ ਬਣਾਈ ਰੱਖਣਾ ਚਾਹੀਦਾ ਹੈ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਰਫ਼ ਚੀਜ਼ਾਂ ਵਸਤਾਂ ਦੇ ਰੂਪ ਵਿਚ ਹੀ ਸਹਾਇਤਾ ਨਹੀਂ ਚਾਹੀਦੀ, ਸਗੋਂ ਮਾਨਸਿਕ ਤੌਰ 'ਤੇ ਵੀ ਉਨ੍ਹਾਂ ਦੇ ਹੌਸਲੇ ਵਧਾਉਣ ਦੀ ਲੋੜ ਹੈ। ਵਾਰ-ਵਾਰ ਆਉਂਦੀਆਂ ਮੁਸੀਬਤਾਂ ਮਨੁੱਖ ਦਾ ਮਨੋਬਲ ਤੋੜ ਦਿੰਦੀਆਂ ਹਨ। ਜਿਨ੍ਹਾਂ ਲੋਕਾਂ ਦੇ ਘਰ ਅਤੇ ਖੇਤ ਪਾਣੀ ਵਿਚ ਡੁੱਬ ਜਾਣ ਅਤੇ ਉਹ ਆਪਣੇ ਘਰ ਦਾ ਸਾਮਾਨ ਤੱਕ ਨਾ ਬਚਾ ਸਕਣ, ਉਨ੍ਹਾਂ ਨੂੰ ਜਿਹੋ ਜਿਹਾ ਮਾਨਸਿਕ ਸਦਮਾ ਲਗਦਾ ਹੈ, ਉਸ ਦੀ ਪੀੜ ਨੂੰ ਪੀੜਤ ਜਾਂ ਪ੍ਰਭਾਵਿਤ ਲੋਕ ਹੀ ਸਮਝ ਸਕਦੇ ਹਨ।
ਇਸ ਸਮੇਂ ਕਿਸਾਨਾਂ ਦੀ ਮਦਦ ਕਰਨਾ ਇਸ ਲਈ ਵੀ ਬੇਹੱਦ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਦੀ ਦੇਸ਼ ਲਈ ਇਕ ਤਰ੍ਹਾਂ ਨਾਲ ਫ਼ੌਜ ਤੋਂ ਵੀ ਵੱਧ ਅਹਿਮੀਅਤ ਹੈ। ਫ਼ੌਜ ਦੇਸ਼ ਨੂੰ ਬਾਹਰੀ ਹਮਲਿਆਂ ਤੋਂ ਬਚਾਅ ਕੇ ਭੂਗੋਲਿਕ ਸੁਰੱਖਿਆ ਮੁਹੱਈਆ ਕਰਦੀ ਹੈ ਅਤੇ ਕਿਸਾਨ ਅਨਾਜ, ਫਲ ਅਤੇ ਸਬਜ਼ੀਆਂ ਪੈਦਾ ਕਰਕੇ ਦੇਸ਼ ਦੇ ਲੋਕਾਂ ਨੂੰ ਖੁਰਾਕੀ ਸੁਰੱਖਿਆ ਮੁਹੱਈਆ ਕਰਦੇ ਹਨ। ਇਹ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਕਿਸੇ ਕਾਰਨ ਕਰਕੇ ਕਿਸਾਨ ਦੇਸ਼ ਦੇ ਲੋਕਾਂ ਨੂੰ ਢੁਕਵੀਂ ਮਾਤਰਾ ਵਿਚ ਖੁਰਾਕ ਸੁਰੱਖਿਆ ਮੁਹੱਈਆ ਨਾ ਕਰਾ ਸਕਣ ਤਾਂ ਫ਼ੌਜ ਵੀ ਭੁੱਖੇ ਢਿੱਡਾਂ ਨਾਲ ਸਰਹੱਦਾਂ ਦੀ ਰਾਖੀ ਨਹੀਂ ਕਰ ਸਕਦੀ। ਇਸ ਕਠੋਰ ਸੱਚ ਨੂੰ ਸਮਝਦਿਆਂ ਪੰਜਾਬ ਦੇ ਸਾਰੇ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਸੰਕਟ ਦੀ ਘੜੀ ਵਿਚ ਆਪਣੇ ਕਿਸਾਨ ਭੈਣ-ਭਰਾਵਾਂ ਅਤੇ ਦਿਹਾਤੀ ਖੇਤਰ ਵਿਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਖੇਤ ਮਜ਼ਦੂਰਾਂ ਅਤੇ ਹੋਰ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ।
ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਦੀ ਲੋੜ
ਅਜੀਤ ਡੈਸਕ
31-08-2025