ਮਲਿਕਾ-ਏ-ਤਰੰਨੁਮ ਨੂਰ ਜਹਾਂ ਪਾਕਿਸਤਾਨ ਦੀ ਅਜਿਹੀ ਫਨਕਾਰਾ ਸੀ ਜਿਸ ਨੇ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿਚ ਇਕੋ ਸਮੇਂ ਆਪਣੀ ਸੁਰੀਲੀ ਆਵਾਜ਼ ਅਤੇ ਅਦਾਵਾਂ ਰਾਹੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕੀਤਾ। ਉਸ ਦੇ ਗਾਏ ਹੋਏ ਗੀਤ 'ਜਦੋਂ ਹੌਲੀ ਜਿਹੀ ਲੈਨੈ ਮੇਰਾ ਨਾਂ, ਇਹ ਪੁੱਤਰ ਹੱਟਾਂ 'ਤੇ ਨਹੀਂ ਵਿਕਦੇ, ਮੇਰਾ ਸੋਹਣਾ ਸ਼ਹਿਰ ਕਸੂਰ, ਮੇਰਾ ਮਾਹੀ ਛੈਲ ਛਬੀਲਾ, ਤੇਰੇ ਬਾਜਰੇ ਦੀ ਰਾਖੀ, ਸਈਉ ਨੀ ਮੇਰਾ ਮਾਹੀ ਮੇਰੇ ਭਾਗ ਜਗਾਵਣ ਆ ਗਿਆ, ਮੇਰੀ ਚੀਚੀ ਦਾ ਛੱਲਾ ਮਾਹੀ ਲਾਹ ਲਿਆ, ਸੁਣ ਵੰਝਲੀ ਦੀ ਮਿੱਠੜੀ ਤਾਨ ਵੇੇ, ਮੁੰਡਿਆ ਸਿਆਲਕੋਟੀਆ, ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ, ਆਵਾਜ਼ ਦੇ ਕਹਾਂ ਹੈ, ਚਾਂਦਨੀ ਰਾਤੇਂ ਸਭ ਜਗ ਸੋਏ, ਦਿਲ ਕੇ ਅਫ਼ਸਾਨੇ, ਕੁਛ ਲੋਗ ਰੂਠ ਕਰ ਭੀ, ਚਿੱਠੀ ਜ਼ਰਾ ਸਈਆਂ ਜੀ ਕੇ ਨਾਮ ਲਿਖ ਦੇ, ਗਾਏਗੀ ਦੁਨੀਆ ਗੀਤ ਮੇਰੇ, ਆਜਾ ਮੇਰੀ ਬਰਬਾਦ ਮੁਹੱਬਤ ਕੇ ਸਹਾਰੇ' ਆਦਿ ਅੱਜ ਵੀ ਕਈ ਦਹਾਕਿਆਂ ਬਾਅਦ ਤਰੋ-ਤਾਜ਼ਾ ਹਨ। 'ਭਾਰਤ ਦੀ ਕੋਇਲ' ਲਤਾ ਮੰਗੇਸ਼ਕਰ ਅਨੁਸਾਰ 'ਨੂਰ ਜਹਾਂ ਦਾ ਗਾਣਾ ਸੁਣ-ਸੁਣ ਕੇ ਹੀ ਮੈ ਗਾਇਕਾ ਬਣੀ। ਗੀਤ ਦੇ ਬੋਲਾਂ ਨੂੰ ਕਿਸ ਅੰਦਾਜ਼ ਵਿਚ ਕਹਿਣਾ ਹੈ, ਇਹ ਨੂਰ ਜਹਾਂ ਚੰਗੀ ਤਰ੍ਹਾਂ ਜਾਣਦੀ ਸੀ'। ਪ੍ਰਸਿੱਧ ਸੰਗੀਤਕਾਰ ਸੱਜਾਦ ਹੁਸੈਨ ਨੇ ਇਕ ਵਾਰ ਕਿਹਾ ਸੀ,' ਦੋ ਆਵਾਜ਼ਾਂ ਨੂਰ ਜਹਾਂ ਅਤੇ ਲਤਾ ਮੰਗੇਸ਼ਕਰ ਇਸ ਧਰਤੀ 'ਤੇ ਜਨਮ ਲੈ ਚੁੱਕੀਆਂ ਹਨ ਜੋ ਇਸ ਧਰਤੀ 'ਤੇ ਦੁਬਾਰਾ ਨਹੀ ਆਉਣਗੀਆਂ'।
ਸੂਫ਼ੀ ਫਕੀਰ ਸਾਈਂ ਬੁੱਲੇ ਸ਼ਾਹ ਅਤੇ ਸੰਗੀਤ ਸਮਰਾਟ ਬੜੇ ਗੁਲਾਮ ਅਲੀ ਖ਼ਾਂ ਦੇ ਸ਼ਹਿਰ ਕਸੂਰ (ਪਾਕਿਸਤਾਨ) ਦੇ ਮੁਹੱਲਾ ਕੋਟ ਮੁਰਾਦ ਖ਼ਾਂ ਵਿਖੇ 21 ਸਤੰਬਰ, 1926 ਨੂੰ ਪਿਤਾ ਮਦਦ ਅਲੀ ਅਤੇ ਮਾਤਾ ਫ਼ਤਹਿ ਬੀਬੀ ਦੇ ਘਰ ਨੂਰ ਜਹਾਂ ਨੇ ਪਹਿਲੀ ਕਿਲਕਾਰੀ ਮਾਰੀ। ਮਾਪਿਆਂ ਵਲੋਂ ਨਾਂਅ ਅੱਲਾ ਵਸਾਈ ਰੱਖਿਆ ਗਿਆ। 6 ਸਾਲ ਦੀ ਉਮਰ ਵਿਚ ਉਹ ਉਸਤਾਦ ਗੁਲਾਮ ਮੁਹੰਮਦ ਦੀ ਗੰਡਾਬੱਧ ਸ਼ਾਗਿਰਦ ਬਣੀ। ਠੁਮਰੀ ਦੇ ਬਾਦਸ਼ਾਹ ਬੜੇ ਗੁਲਾਮ ਅਲੀ ਖ਼ਾਂ ਕੋਲੋਂ ਵੀ ਉਹ ਗਾਇਕੀ ਦੇ ਗੁਰ ਸਿੱਖਦੀ ਰਹੀ। ਸੰਨ 1930 ਦੇ ਦਹਾਕੇ ਵਿਚ ਜਦ ਕਲਕੱਤਾ ਅਤੇ ਲਾਹੌਰ ਵਿਚ ਮੂਕ ਫ਼ਿਲਮਾਂ (ਸਾਈਲੈਂਟ) ਬਣਦੀਆਂ ਸਨ ਤਾਂ 9 ਸਾਲ ਦੀ ਉਮਰ ਵਿਚ ਕੇ.ਡੀ. ਮਹਿਰਾ ਦੀ ਪੰਜਾਬੀ ਫ਼ਿਲਮ 'ਪਿੰਡ ਦੀ ਕੁੜੀ' (ਸੰਨ 1935) ਵਿਚ ਪਹਿਲੀ ਵਾਰ ਅੱਲਾ ਵਸਾਈ ਹੀਰੋਇਨ ਬਣੀ। ਫ਼ਿਲਮ ਦਾ ਹੀਰੋ ਕੁੰਦਨ ਲਾਲ ਰਾਜਪਾਲ ਸੀ। ਇਸ ਫ਼ਿਲਮ ਨੇ ਅੱਲਾ ਵਸਾਈ ਨੂੰ ਬੇਬੀ ਨੂਰ ਜਹਾਂ ਬਣਾਇਆ। ਭੈਣਾਂ ਈਧਰ ਅਤੇ ਹੈਦਰ ਬਾਂਦੀ ਨੇ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿਚ ਨੂਰ ਜਹਾਂ ਦਾ ਭਰਪੂਰ ਸਾਥ ਦਿਤਾ। 12 ਦੇ ਕਰੀਬ ਫ਼ਿਲਮਾਂ ਵਿਚ ਬਤੌਰ ਬਾਲ ਕਲਾਕਾਰ ਭੂਮਿਕਾ ਨਿਭਾਉਣ ਵਾਲੀ ਬੇਬੀ ਨੂਰ ਜਹਾਂ ਨੇ ਜਦ ਮਾਸਟਰ ਗੁਲਾਮ ਹੈਦਰ ਨੂੰ ਪਹਿਲੀ ਵਾਰੀ ਪੀਲੂ ਦੀ ਠੁਮਰੀ ਸੁਣਾਈ ਤਾਂ ਉਹ ਦੰਗ ਰਹਿ ਗਏ ਸਨ।
ਸੰਨ 1947 ਦੇ ਬਟਵਾਰੇ ਤੋਂ ਪਹਿਲਾਂ ਭਾਰਤ ਵਿਚ ਨੂਰ ਜਹਾਂ ਨੇ ਕਰੀਬ 69 ਫ਼ਿਲਮਾਂ ਵਿਚ ਬਤੌਰ ਗਾਇਕਾ ਅਤੇ ਅਦਾਕਾਰਾ ਕੰਮ ਕੀਤਾ। ਭਾਰਤ ਵਿਚ 'ਮਿਰਜ਼ਾ ਸਾਹਿਬਾਂ' (1947) ਉਸ ਦੀ ਆਖਰੀ ਫ਼ਿਲਮ ਸੀ ਤੇ ਪਾਕਿਸਤਾਨ ਜਾ ਕੇ 'ਚੰਨ ਵੇ' (1951) ਪਹਿਲੀ ਸੀ। ਪਾਕਿਸਤਾਨ ਵਿਚ ਉਸ ਦੀਆਂ ਕਰੀਬ 14 ਫ਼ਿਲਮਾਂ (10 ਉਰਦੂ ਅਤੇ 4 ਪੰਜਾਬੀ) ਰਿਲੀਜ਼ ਹੋਈਆਂ। ਬਹੁਤ ਸਾਰੀਆਂ ਫ਼ਿਲਮਾਂ ਵਿਚ ਉਸ ਨੇ ਪਿਠਵਰਤੀ ਗਾਇਕਾ ਵਜੋਂ ਆਵਾਜ਼ ਦਿੱਤੀ।
ਵਿਆਹੁਤਾ ਜ਼ਿੰਦਗੀ ਤੋਂ ਹਮੇਸ਼ਾਂ ਨਾਰਾਜ਼ ਰਹਿਣ ਵਾਲੀ ਨੂਰ ਜਹਾਂ ਨੇ ਪਹਿਲਾ ਵਿਆਹ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਸ਼ੌਕਤ ਹੁਸੈਨ ਰਿਜ਼ਵੀ ਨਾਲ ਕਰਵਾਇਆ ਜਿਸ ਤੋਂ ਦੋ ਪੁੱਤਰ ਅਕਬਰ ਹੁਸੈਨ ਤੇ ਸਾਗਰ ਹੁਸੈਨ ਤੇ ਇਕ ਧੀ ਹੁਮਾ ਨੇ ਜਨਮ ਲਿਆ। ਰਿਜ਼ਵੀ ਨਾਲ ਤਲਾਕ ਉਪਰੰਤ ਦੂਜਾ ਵਿਆਹ ਏਜਾਜ਼ ਦੁਰਾਨੀ (ਫ਼ਿਲਮ 'ਹੀਰ ਰਾਝਾਂ' ਦਾ ਹੀਰੋ) ਨਾਲ ਕਰਵਾਇਆ ਜਿਸ ਤੋਂ ਤਿੰਨ ਧੀਆਂ ਸਾਜ਼ੀਆ, ਹਿਨਾ ਤੇ ਟੀਨਾ ਪੈਦਾ ਹੋਈਆਂ। ਏਜਾਜ਼ ਦੁਰਾਨੀ ਵੀ ਛੇਤੀ ਹੀ ਨੂਰ ਜਹਾਂ ਤੋਂ ਦੂਰੀ ਬਣਾ ਗਿਆ।
ਦਿਲਸੁੱਖ ਪੰਚੋਲੀ ਦੀ ਫ਼ਿਲਮ 'ਖਾਨਦਾਨ' (1942) ਦੇ ਗੀਤ 'ਪੀ ਲੈ ਪੀ ਲੈ ਮੋਰੇ ਰਾਜਾ', ਸਦਾਬਹਾਰ ਫ਼ਿਲਮ 'ਜ਼ੀਨਤ' (1945) ਦੇ ਗੀਤਾਂ 'ਬੁਲਬੁਲੋਂ ਮਤ ਰੋ, ਆਂਸੂੰ ਬਹਾਨਾ ਹੈ ਮਨ੍ਹਾਂ' ਅਤੇ ਫ਼ਿਲਮ 'ਅਨਮੋਲ ਘੜੀ' (1946) ਦੇ ਗੀਤਾਂ 'ਆਵਾਜ਼ ਦੇ ਕਹਾਂ ਹੈ, ਦੁਨੀਆਂ ਮੇਰੀ ਜਵਾਂ ਹੈ' ਨੇ ਨੂਰ ਜਹਾਂ ਨੂੰ ਫ਼ਿਲਮੀ ਦੁਨੀਆਂ ਵਿਚ ਧਰੂ ਤਾਰੇ ਵਾਂਗ ਚਕਮਾਇਆ। ਆਪਣੇ ਸਮੇਂ ਦੇ ਪ੍ਰਸਿੱਧ ਕਲਾਕਾਰਾਂ ਨਾਲ ਮਿਲ ਕੇ ਨੂਰ ਜਹਾਂ ਨੇੇ ਕਈ ਗੀਤ ਰਿਕਾਰਡ ਕਰਵਾਏ ਜਿਨ੍ਹਾਂ ਵਿਚੋਂ ਸ਼ਮਸ਼ਾਦ ਬੇਗਮ, ਮਹਿੰਦੀ ਹਸਨ, ਉਸਤਾਦ ਅਮਾਨਤ ਅਲੀ, ਲਤਾ ਮੰਗੇਸ਼ਕਰ, ਮੁਕੇਸ਼, ਨਾਸੀਮ ਅਖ਼ਤਰ, ਗੁਲਾਮ ਹੈਦਰ, ਰਾਜ ਕੁਮਾਰੀ, ਸੁਰਿੰਦਰਾ, ਅਮੀਰ ਬਾਈ, ਚੋਰਸ, ਈਸ਼ਵਰ ਲਾਲ, ਇਕਬਾਲ ਬਾਨੋ, ਜੀ.ਐਮ.ਦੁਰਾਨੀ, ਜੋਰਾਬਾਈ ਅੰਬਾਲੇ ਵਾਲੀ, ਮੁਨੀਰ ਹੁਸੈਨ, ਇਰੇਨੇ ਪ੍ਰਵੀਨ, ਰਜ਼ਬ ਅਲੀ, ਮਿਸ ਕਲਿਆਣੀ, ਫਰੀਦਾ ਖਾਨਮ, ਮਾਲਾ ਬੇਗਮ, ਰਜ਼ਬ ਅਲੀ, ਗੁਲਾਮ ਅਬਾਸ ਆਦਿ ਦੇ ਨਾਮ ਜ਼ਿਕਰਯੋਗ ਹਨ।
ਪਾਕਿਸਤਾਨ ਵਿਚ ਰਹਿੰਦਿਆਂ ਉਹ ਹਿੰਦੁਸਤਾਨ ਨੂੰ ਨਾ ਭੁਲਾ ਸਕੀ। ਸੰਨ 1982 ਵਿਚ ਨੂਰ ਜਹਾਂ ਭਾਰਤ ਆਈ ਜਿਥੇ ਸ੍ਰੀਮਤੀ ਇੰਦਰਾ ਗਾਂਧੀ, ਦਲੀਪ ਕੁਮਾਰ ਅਤੇ ਲਤਾ ਮੰਗੇਸ਼ਕਰ ਨੇ ਉਸ ਦਾ ਭਰਵਾਂ ਸੁਆਗਤ ਕੀਤਾ। ਦੇਸ਼ ਦੇ ਜਵਾਨਾਂ ਲਈ ਨੂਰ ਜਹਾਂ ਦਾ ਗਾਇਆ ਗੀਤ 'ਐ ਵਤਨ ਕੇ ਜੋਸ਼ੀਲੇ ਜਵਾਨੋ ਮੇਰੇ ਨਗਮੇ ਤੁਮਾਰੇ ਲੀਏ ਹੈ' ਨੂੰ ਲਾਹੌਰ ਰੇਡੀਓ ਤੋਂ ਹਰ ਦੇਸ਼ ਵਾਸੀ ਨੇ ਸੁਣਿਆ। ਪਾਕਿਸਤਾਨ ਸਰਕਾਰ ਵਲੋਂ ਉਸ ਨੂੰ ਪਰਾਈਡ ਆਫ਼ ਪਰਫਾਰਮੈਂਸ, ਮਲਕਾ ਏ ਤਰੰਨੁਮ ਐਵਾਰਡ ਨਾਲ ਸਨਮਾਨਿਆ ਗਿਆ। ਦੇਸ਼ ਦਾ ਸਭ ਤੋਂ ਵੱਡਾ ਗ਼ੈਰ-ਸਰਕਾਰੀ ਇਨਾਮ 'ਨਿਗਾਰ ਐਵਾਰਡ' ਵੀ ਇਸ ਦੀ ਝੋਲੀ ਪਿਆ। ਸੰਨ 1996 ਵਿਚ ਪੰਜਾਹ ਸਾਲਾਂ ਸੇਵਾਵਾਂ ਲਈ 'ਅਲਿਆਸ ਰਸ਼ੀਦੀ ਗੋਲਡ ਮੈਡਲ' ਪਹਿਲੀ ਵਾਰ ਨੂਰ ਜਹਾਂ ਨੂੰ ਮਿਲਿਆ। ਸੰਨ 1965, 1981 ਅਤੇ 1990 ਵਿਚ 'ਹੁਸਨ ਏ ਕਾਰਕਰਦਗੀ' ਕੌਮੀ ਐਵਾਰਡ ਵੀ ਨੂਰ ਜਹਾਂ ਨੂੰ ਮਿਲੇ। ਸੰਨ 1999 ਵਿਚ 'ਨਿਸ਼ਾਨ ਏ ਇਮਤਿਆਜ਼' ਐਵਾਰਡ ਨੂੰ ਵੀ ਨੂਰ ਜਹਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਈ। ਜ਼ਿੰਦਗੀ ਵਿਚ ਸਭ ਤੋਂ ਪਹਿਲਾ ਗੀਤ 'ਲੰਘ ਆ ਜਾ ਪੱਤਣ ਝਨਾਂ ਦਾ ਯਾਰ' ਅਤੇ ਆਖਰੀ ਗੀਤ 'ਕੀ ਦਮ ਦਾ ਭਰੋਸਾ ਯਾਰ ਦਮ ਆਵੇ ਨਾ ਆਵੇ' ਗਾਉਣ ਵਾਲੀ ਨੂਰ ਜਹਾਂ ਨੂੰ ਵੀ ਉਸ ਦਾ ਆਪਣਾ ਦਮ ਧੋਖਾ ਦੇ ਗਿਆ। 23 ਦਸੰਬਰ, 2000
-ਪ੍ਰਿੰਸੀਪਲ, ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 98554 53539